
ਮੁਲਾਜ਼ਮਾਂ ਦੀ ਭੁੱਖ-ਹੜਤਾਲਾਂ ਤੇ ਰੈਲੀਆਂ ਖ਼ਤਮ, ਸਰਕਾਰਾਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਾਇਜ਼ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਪੰਜਾਬ ਅਤੇ ਯੂਟੀ ਐਂਪਲਾਈਜ਼ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ’ਤੇ ਬੀਤੀ 16 ਸਤੰਬਰ ਤੋਂ ਚੱਲ ਰਹੀਆਂ ਜ਼ਿਲ੍ਹਾ ਪੱਧਰ ’ਤੇ ਸਾਂਝੀਆਂ ਭੁੱਖ ਹੜਤਾਲਾਂ ਅਤੇ ਰੈਲੀਆਂ ਖ਼ਤਮ ਕਰਕੇ ਬੁੱਧਵਾਰ ਨੂੰ ਅਖੀਰਲੇ ਦਿਨ ਸਾਂਝਾ ਫਰੰਟ ਪੰਜਾਬ ਦੇ ਕਨਵੀਨਰ ਸੱਜਣ ਸਿੰਘ ਅਤੇ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ 5 ਪ੍ਰਮੁੱਖ ਮੁਲਾਜ਼ਮ ਆਗੂ ਬਿਜਲੀ ਬੋਰਡ ਦੇ ਸਰਕਲ ਪ੍ਰਧਾਨ ਪ੍ਰਮੋਦ ਰਾਣਾ, ਸਕੱਤਰ ਮੋਹਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੁਮਾਰ, ਕੈਸ਼ੀਅਰ ਰਾਜੀਵ ਗੁਪਤਾ ਤੇ ਰਾਮ ਕੁਮਾਰ ਕੈਸ਼ੀਅਰ ਭੁੱਖ-ਹੜਤਾਲ ’ਤੇ ਬੈਠੇ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਅਤੇ ਕੇਂਦਰ ਸਰਕਾਰ ਦੀ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੈਲੀ ਵਿੱਚ ਸੈਂਕੜੇ ਸਫ਼ਾਈ ਕਾਮਿਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਏਕਤਾ ਦਾ ਸਬੂਤ ਦਿੱਤਾ।
ਇਸ ਮੌਕੇ ਸਾਂਝਾ ਫਰੰਟ ਪੰਜਾਬ ਦੇ ਕਨਵੀਨਰ ਸੱਜਣ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ, ਰਣਬੀਰ ਸਿੰਘ ਢਿੱਲੋਂ, ਕਰਤਾਰ ਸਿੰਘ ਪਾਲ, ਸੁਰਿੰਦਰਪਾਲ ਲਹੌਰੀਆ, ਬਲਵਿੰਦਰ ਭਾਊ, ਸਤਪਾਲ, ਗੁਰਵਿੰਦਰ ਸਿੰਘ, ਸਫ਼ਾਈ ਮੁਲਾਜ਼ਮਾਂ ਦੇ ਆਗੂ ਸੋਭਾ ਰਾਮ, ਰਾਜਨ ਚਵੱਰੀਆ, ਮੋਹਣ ਸਿੰਘ, ਪਵਨ ਗੋਡਯਾਲ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਤੱਕ ਤਿੱਖਾ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਬੁਲਾਰਿਆਂ ਨੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, 6ਵੇਂ ਤਨਖ਼ਾਹ-ਕਮਿਸ਼ਨ ਤੋਂ ਰਿਪੋਰਟ ਲੈ ਕੇ ਮੁਲਾਜ਼ਮਾਂ ਮੰਗਾਂ ਲਾਗੂ ਕੀਤੀਆਂ ਜਾਣ, ਕੇਂਦਰੀ ਤਨਖ਼ਾਹ-ਸਕੇਲ ਪੰਜਾਬ ਦੇ ਮੁਲਾਜ਼ਮਾਂ ’ਤੇ ਲਾਗੂ ਕਰਨ ਵਾਲਾ ਪੱਤਰ ਤੁਰੰਤ ਵਾਪਸ ਲਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਹਾਲ ਕੀਤੀ ਜਾਵੇ, ਡੀਏ ਦੀਆਂ ਪੈਂਡਿੰਗ 3 ਕਿਸ਼ਤਾਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਆਸ਼ਾ ਵਰਕਰ, ਮਿਡ-ਡੇਅ-ਮੀਲ, ਆਂਗਨਵਾੜੀ ਵਰਕਰਾਂ ’ਤੇ ਪੂਰੇ ਸਕੇਲ ਲਾਗੂ ਕੀਤੇ ਜਾਣ। ਇੰਜ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਾਰੂ ਅਤੇ ਲੋਕ ਮਾਰੂ ਐਕਟ ਤੁਰੰਤ ਰੱਦ ਕੀਤਾ ਜਾਵੇ।
ਸੱਜਣ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਰ ਕਿਹਾ ਕਿ ਕਿਸਾਨ ਵਿਰੋਧੀ ਐਕਟ ਪਾਸ ਹੋਣ ਦੇ ਨਾਲ ਅਨਾਜ ਦੀ ਸਰਕਾਰੀ ਖ਼ਰੀਦ ਬੰਦ ਹੋ ਜਾਵੇਗੀ। ਵੱਡੇ ਵਪਾਰੀ ਫਸਲਾਂ ਸਸਤੇ ਭਾਅ ’ਤੇ ਖ਼ਰੀਦ ਕੇ ਕਿਸਾਨਾਂ ਦੀ ਲੁੱਟ ਕਰਨਗੇ। ਸਰਕਾਰੀ ਖ਼ਰੀਦ ਬੰਦ ਹੋਣ ਨਾਲ ਸਰਕਾਰੀ ਡਿੱਪੂ ਬੰਦ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਨੂੰ ਭੰਡਾਰ ਕਰਨ ਵਾਲੇ ਪੰਜਾਬ ਦੇ ਵਿਭਾਗ ਟੁੱਟ ਜਾਣਗੇ ਅਤੇ ਮੰਡੀ ਬੋਰਡ ਦੇ ਕੋਲ ਵੀ ਕੋਈ ਕੰਮ ਨਹੀਂ ਰਹਿ ਜਾਵੇਗਾ। ਇਹੀ ਨਹੀਂ ਵੱਡੀ ਪੱਧਰ ’ਤੇ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮੰਗਾਂ ਬਾਰੇ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ, ਪ੍ਰੰਤੂ ਸਰਕਾਰ ਦੀਆਂ ਨੀਤੀਆਂ ਅਤੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਇਨਸਾਫ਼ ਪ੍ਰਾਪਤੀ ਲਈ ਹੁਣ ਅਗਲੇ ਸੰਘਰਸ਼ ਦੀ ਤਿਆਰੀ ਕਰਨੀ ਪਵੇਗੀ।
ਇਸ ਮੌਕੇ ਗੁਰਬਿੰਦਰ ਸਿੰਘ ਖਮਾਣੋਂ, ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖਗੂੰੜਾ, ਜਗਜੀਤ ਸਿੰਘ, ਸਵਰਨ ਸਿੰਘ ਦੇਸੂਮਾਜਰਾ, ਕਰਮਾਪੁਰੀ, ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂ ਮੰਗਤ ਰਾਮ, ਜੀਟੀਯੂ ਦੇ ਆਗੂ ਸੁਰਜੀਤ ਸਿੰਘ ਮੁਹਾਲੀ, ਗੁਰਪ੍ਰੀਤ ਸਿੰਘ ਬਾਠ, ਫਰੀਕ ਮੁਹੰਮਦ, ਗੁਰਦੀਪ ਸਿੰਘ ਸੋਨੀ, ਅਮਨਦੀਪ ਸਿੰਘ, ਮਨਦੀਪ ਸਿੰਘ, ਸੁਲੱਖਣ ਸਿੰਘ ਸਿਸਵਾ, ਡਾ. ਹਜ਼ਾਰਾ ਸਿੰਘ ਚੀਮਾ, ਜਗਦੀਸ਼ ਸਿੰਘ ਸਰਾਓ ਨੇ ਵੀ ਸੰਬੋਧਨ ਕੀਤਾ।