ਠੇਕਾ ਮੁਲਾਜ਼ਮਾਂ ਨੂੰ ਇਨਸਾਫ਼ ਦੀ ਆਸ ਬੱਝੀ, ਵਿੱਤ ਮੰਤਰੀ ਨੇ 30 ਸਤੰਬਰ ਤੱਕ ਜਾਇਜ਼ ਮੰਗਾਂ ਹੱਲ ਕਰਨ ਦਾ ਭਰੋਸਾ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂਆਂ ਦੀ ਵਿੱਤ ਮੰਤਰੀ ਨਾਲ ਹੋਈ ਪੈਨਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਪੰਜਾਬ ਦੇ ਠੇਕ ਮੁਲਾਜ਼ਮਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਠੇਕਾ ਮੁਲਾਜ਼ਮਾਂ ਨੂੰ 30 ਸਤੰਬਰ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਵਿੱਤ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ, ਬਲਿਹਾਰ ਸਿੰਘ, ਸ਼ੇਰ ਸਿੰਘ ਲੌਂਗੋਵਾਲ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ, ਰਮਨਪ੍ਰੀਤ ਕੌਰ ਮਾਨ, ਪਵਨਦੀਪ ਸਿੰਘ, ਸਿਮਰਨਜੀਤ ਸਿੰਘ ਨੀਲੋਂ, ਕੁਲਦੀਪ ਸਿੰਘ ਬੁੱਢੇਵਾਲ ਅਤੇ ਜਗਸੀਰ ਸਿੰਘ ਭੰਗੂ ਸਮੇਤ ਪ੍ਰਸ਼ੋਨਲ ਵਿਭਾਗ ਦੇ ਸਕੱਤਰ ਰਜਤ ਅਗਰਵਾਲ, ਵਿਸ਼ੇਸ਼ ਸਕੱਤਰ ਵਿੱਤ ਮੋਹਿਤ ਤਿਵਾੜੀ, ਐਚਓਡੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਪੁਲ ਉੱਜਵਲ ਅਤੇ ਹੋਰ ਆਲ੍ਹਾ ਅਧਿਕਾਰੀ ਮੌਜੂਦ ਸਨ।
ਆਗੂਆਂ ਨੇ ਕਿਹਾ ਕਿ ਸੰਘਰਸ਼ ਮੋਰਚੇ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਰੈਗੂਲਰ ਕਰਨ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿੱਚ ਆਪਣੇ ਪਰਿਵਾਰਾਂ ਸਮੇਤ ਮੁੱਖ ਮਾਰਗ ਜਾਮ ਕਰਕੇ ਲੜੀਵਾਰ ਸੰਘਰਸ਼ ਵਿੱਢਣ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਆਪਣੀ ਜ਼ਿੱਦ ਛੱਡ ਕੇ ਠੇਕਾ ਮੁਲਾਜ਼ਮਾਂ ਵੱਲ ਇੱਕ ਕਦਮ ਅੱਗੇ ਵਧਾਉਂਦਿਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਜਦੋਂਕਿ ਇਸ ਤੋਂ ਪਹਿਲਾਂ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ।
ਅੱਜ ਵਿੱਤ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਵੱਖਰੇ ਤੌਰ ’ਤੇ ਮੀਟਿੰਗਾਂ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਵਿੱਚ ਆਊਟਸੋਰਸ, ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ ਅਤੇ ਸੁਸਾਇਟੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਵਿੱਤ ਮੰਤਰੀ ਅੱਗੇ ਰੱਖੀਆਂ। ਉਨ੍ਹਾਂ ਵਿੱਤ ਮੰਤਰੀ ਨੂੰ ਦੱਸਿਆ ਕਿ ਆਊਟਸੋਰਸ ਅਤੇ ਇਨਲਿਸਟਮੈਂਟ ਭਰਤੀ ਦੀ ਨੀਤੀ ਕਿਵੇਂ ਠੇਕਾ ਮੁਲਾਜ਼ਮਾਂ ਦਾ ਖੂਨ ਚੂਸ ਰਹੀ ਹੈ? ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ\ਠੇਕੇਦਾਰ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੀ ਲੁੱਟ ਕਰਕੇ ਸਰਕਾਰੀ ਅਦਾਰਿਆਂ ਨੂੰ ਬਰਬਾਦੀ ਵੱਲ ਧੱਕ ਰਹੇ ਹਨ।
ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਠੇਕਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੁਲਾਜ਼ਮ ਪੱਖੀ ਦਲੀਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ 30 ਸਤੰਬਰ ਤੱਕ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆਂ ਨਾਲ ਇੱਕ ਵਾਰ ਫਿਰ ਮੀਟਿੰਗ ਕਰਕੇ ਜਾਇਜ਼ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਹੋਈਆਂ ਕੁੱਲ ਸਹਿਮਤੀਆਂ ਦੀ ਪ੍ਰੋਸੀ ਡਿੰਗ 15 ਸਤੰਬਰ ਤੱਕ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦੇਣ ਦਾ ਵੀ ਭਰੋਸਾ ਦਿੱਤਾ। ਸਰਕਾਰੀ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਅੱਜ ਤੋਂ ਸ਼ੁਰੂ ਕੀਤੇ ਜਾਣ ਵਾਲਾ ਲੜੀਵਾਰ ਸੰਘਰਸ਼ 30 ਸਤੰਬਰ ਤੱਕ ਮੁਲਤਵੀ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ 30 ਸਤੰਬਰ ਤੱਕ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ 5 ਅਕਤੂਬਰ ਨੂੰ ਦਸਹਿਰੇ ਮੌਕੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 7 ਅਕਤੂਬਰ ਨੂੰ ਧੂਰੀ ਵਿੱਚ ਮੁੱਖ ਮਾਰਗ ਜਾਮ ਕਰਕੇ ਹੁਕਮਰਾਨਾਂ ਦਾ ਪਿੱਟ ਸਿਆਪਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…