
ਮਾਲ ਮੰਤਰੀ ਨਾਲ ਮੀਟਿੰਗ ਮਗਰੋਂ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੋ ਦਿਨ ਲਈ ਮੁਲਤਵੀ ਕੀਤੀ ਹੜਤਾਲ
ਦੋਵੇਂ ਦਿਨ ਜ਼ਿਲ੍ਹਾ ਪੱਧਰ ’ਤੇ ਗੇਟ ਰੈਲੀਆਂ ਹੋਣਗੀਆਂ, ਸਨਿੱਚਰਵਾਰ ਨੂੰ ਸੱਦੀ ਰੀਵਿਊ ਮੀਟਿੰਗ
24 ਮਈ ਤੋਂ ਸਮੂਹਿਕ ਛੁੱਟੀ ਲੈ ਕੇ ਕਲਮਛੋੜ ਹੜਤਾਲ ’ਤੇ ਚੱਲ ਰਹੇ ਸੀ ਦਫ਼ਤਰੀ ਮੁਲਾਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਸਮੂਹ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਬੁੱਧਵਾਰ ਨੂੰ 17ਵੇਂ ਦਿਨ ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਫਿਲਹਾਲ ਦੋ ਦਿਨਾਂ ਲਈ ਹੜਤਾਲ ਮੁਲਤਵੀ ਕਰ ਦਿੱਤੀ ਹੈ। ਡੀਸੀ ਦਫ਼ਤਰ ਦੇ ਕਰਮਚਾਰੀ ਬੀਤੀ 24 ਮਈ ਤੋਂ ਸਮੂਹਿਕ ਛੁੱਟੀ ਲੈ ਕੇ ਲੜੀਵਾਰ ਕਲਮਛੋੜ ਹੜਤਾਲ ’ਤੇ ਚੱਲ ਰਹੇ ਸੀ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਚੇਅਰਮੈਨ ਓਮ ਪ੍ਰਕਾਸ਼ ਅਤੇ ਸੂਬਾ ਕਾਰਜਕਾਰੀ ਮੈਂਬਰ ਸੰਦੀਪ ਸਿੰਘ ਹਾਜ਼ਰ ਸਨ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਵਿੱਤ ਕਮਿਸ਼ਨਰ (ਮਾਲ) ਰਵਨੀਤ ਕੌਰ, ਸਕੱਤਰ ਮਨਵੇਸ਼ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।
ਅੱਜ ਦੇਰ ਸ਼ਾਮ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਨਾਮ ਵਿਰਕ ਨੇ ਦੱਸਿਆ ਕਿ ਮੀਟਿੰਗ ਵਿੱਚ ਮਾਲ ਮੰਤਰੀ ਵੱਲੋਂ ਯੂਨੀਅਨ ਆਗੂਆਂ ਨੂੰ ਧਿਆਨ ਨਾਲ ਸੁਣਿਆ ਅਤੇ ਦਫ਼ਤਰੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਉਪਰੰਤ ਇਹ ਭਰੋਸਾ ਦਿੱਤਾ ਕਿ ਜ਼ਿਲ੍ਹਾ ਪੱਧਰ ’ਤੇ ਸੁਪਰਡੈਂਟ ਗਰੇਡ-।, ਸੁਪਰਡੈਂਟ ਗਰੇਡ ਦੋ ਅਤੇ ਸੀਨੀਅਰ ਸਹਾਇਕਾਂ ਤੋਂ ਇਲਾਵਾ ਹੋਰ ਵੀ ਪਦ-ਉੱਨਤੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ’ਤੇ 31 ਦਸੰਬਰ ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਵਿੱਚ ਲੈ ਕੇ ਹਫ਼ਤੇ ਦੇ ਅੰਦਰ ਪਦ-ਉੱਨਤੀਆਂ ਕਰ ਦਿੱਤੀਆਂ ਜਾਣਗੀਆਂ। ਪੁਨਰਗਠਨ ਕਰਨ ਦੌਰਾਨ ਬਹਾਲ ਕੀਤੀਆਂ ਗਈਆਂ ਹਰ ਕੈਟਾਗਰੀ ਦੀਆਂ ਅਸਾਮੀਆਂ ਦੀ ਵੰਡ ਵੀ ਕਰਕੇ ਡੀਡੀਓ ਪਾਵਰਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਪੁਨਰਗਠਨ ਸਮੇਂ ਰਚਨਾ ਹੋਣ ਤੋਂ ਰਹਿ ਗਈਆਂ ਅਸਾਮੀਆਂ ਦਾ ਕੇਸ ਮੁੜ ਵਿਚਾਰ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਜਿਸ ਵਿੱਚ ਸਟੈਨੋ ਕਾਡਰ ਲਈ ਪ੍ਰਮੋਸ਼ਨ ਚੈਨਲ ਬਹਾਲ ਕਰਨ ਜਾਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਜਿਸ ਅਨੁਸਾਰ ਨਿੱਜੀ ਸਹਾਇਕ ਤੋ ਪਦ ਉੱਨਤੀ ਲਈ ਡਿਵੀਜ਼ਨ ਪੱਧਰ ਤੇ ਨਿੱਜੀ ਸਕੱਤਰ ਅਤੇ ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਟੂ ਏਡੀਸੀ ਦੀ ਅਸਾਮੀ ਨੂੰ ਅਪਗਰੇਡ ਕਰਕੇ ਨਿੱਜੀ ਸਹਾਇਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੈਰ ਵਿੱਤੀ ਮੰਗਾਂ ਵੀ ਵਿਚਾਰੀਆਂ ਗਈਆਂ। ਜਿਸ ਵਿੱਚ ਕੁਝ ਅਸਾਮੀਆਂ ਦੇ ਨਾਮ ਬਦਲਣ ਸ਼ਾਮਲ ਸੀ। ਇਸ ਤੋਂ ਇਲਾਵਾ ਸਾਂਝੀਆਂ ਮੰਗਾਂ ਵਿੱਚ ਸ਼ਾਮਲ 6ਵਾਂ ਤਨਖ਼ਾਹ ਕਮਿਸ਼ਨ, ਮਹਿੰਗਾਈ ਭਤੇ ਦਾ ਬਕਾਇਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਦਰਜਾ-4 ਦੀਆਂ ਖ਼ਤਮ ਕੀਤੀਆਂ ਅਸਾਮੀਆਂ ਮੁੜ ਬਹਾਲ ਕਰਵਾਉਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮਾਲ ਮੰਤਰੀ ਨੇ ਭਰੋਸਾ ਦਿੱਤਾ ਕਿ ਕਲਰਕਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਛੇਤੀ ਹੀ ਐਸਐਸ ਬੋਰਡ ਨੂੰ ਲਿਖਿਆ ਜਾਵੇਗਾ। ਇਸ ਤੋਂ ਇਲਾਵਾ ਮੰਗ ਪੱਤਰ ਵਿੱਚ ਸ਼ਾਮਲ ਜਾਇਜ਼ ਮੰਗਾਂ ’ਤੇ ਇੱਕ ਹਫ਼ਤੇ ਅੰਦਰ ਪੂਰੀਆਂ ਕਰ ਦੇਣ ਦਾ ਭਰੋਸਾ ਦਿੰਦਿਆਂ ਸਰਕਾਰ ਤਰਫ਼ੋਂ ਅਪੀਲ ਕੀਤੀ ਦਫ਼ਤਰਾਂ ਵਿੱਚ ਲੋਕ ਸੇਵਾਵਾਂ ਬਹਾਲ ਕੀਤੀਆਂ ਜਾਣ। ਇਸ ਉਪਰੰਤ ਸੂਬਾ ਪੱਧਰੀ ਵਰਚੂਅਲ ਮੀਟਿੰਗ ਕਰਕੇ ਸਰਬਸੰਮਤੀ ਨਾਲ ਦੋ ਦਿਨ ਲਈ ਹੜਤਾਲ ਮੁਲਤਵੀ
ਕਰਨ ਦਾ ਫੈਸਲਾ ਲਿਆ ਗਿਆ ਪ੍ਰੰਤੂ ਇਨ੍ਹਾਂ ਦੋਵੇਂ ਦਿਨ ਜ਼ਿਲ੍ਹਾ ਪੱਧਰ ’ਤੇ ਗੇਟ ਰੈਲੀਆਂ ਕੀਤੀਆਂ ਕਰਕੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜ਼ਰੂਰੀ ਲੋਕ ਸੇਵਾਵਾਂ ਦੇ ਅਤੇ ਮੁਲਾਜ਼ਮ ਹਿੱਤ ਨਾਲ ਜੁੜੇ ਕੰਮ ਕੀਤੇ ਜਾਣਗੇ। ਇਸ ਦੇ ਨਾਲ ਹੀ 12 ਜੂਨ ਨੂੰ ਵਰਚੂਅਲ ਰੀਵਿਊ ਮੀਟਿੰਗ ਕੀਤੀ ਜਾਵੇਗੀ। ਇਹ ਵੀ ਫੈਸਲਾ ਲਿਆ ਗਿਆ ਕਿ ਯੂਨੀਅਨ ਦੇ 70ਵੇਂ ਸਥਾਪਨਾ ਦਿਵਸ ਮੌਕੇ 23 ਜੂਨ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ।