ਤਕਨੀਕੀ ਸਿੱਖਿਆ ਵਿਭਾਗ ਦੇ ਸਤਾਏ ਮੁਲਾਜ਼ਮਾਂ ਨੇ ਆਈਟੀਆਈ ਦੇ ਬਾਹਰ ਕੀਤਾ ਹਕੂਮਤ ਦਾ ਪਿੱਟ ਸਿਆਪਾ

ਆਪੇ ਬਣੇ ਜਾਅਲੀ ਪ੍ਰਿੰਸੀਪਲ ਵੱਲੋਂ ਵਿਭਾਗ ਨੂੰ ਲਗਾਏ ਕਰੋੜਾਂ ਦੇ ਰਗੜੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਪੰਜਾਬ ਵਿੱਚ ਹਕੂਮਤ ਬਦਲਣ ਦੇ ਬਾਵਜ਼ੂਦ ਵੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਸਮੇਤ ਤਮਾਮ ਪ੍ਰਸ਼ਾਸ਼ਕੀ ਢਾਂਚੇ ਵੱਲੋਂ ਦਲਿਤ ਮੁਲਾਜ਼ਮਾਂ ਅਤੇ ਸਿਖਿਆਰਥੀਆਂ ਨਾਲ ਕੀਤਾ ਜਾ ਰਿਹਾ ਵਿਤਕਰਾ ਬਾਦਸਤੂਰ ਜਾਰੀ ਹੈ ਜਿਸ ਕਾਰਨ ਇਸ ਤਬਕੇ ਵਿੱਚ ਕਾਂਗਰਸ ਸਰਕਾਰ ਅਤੇ ਪ੍ਰਸ਼ਾਸ਼ਨ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਦਾ ਅਸਰ ਰਾਜ ਦੀਆਂ ਤਮਾਮ ਸੰਸਥਾਵਾਂ ਵਿੱਚ ਆਮ ਦਾਖਲਿਆਂ ਉਤੇ ਪੈਣਾ ਸੁਭਾਵਿਕ ਹੈ। ਇਹ ਪ੍ਰਗਟਾਵਾ ਗੌਰਮਿੰਟ ਆਈਟੀਆਈਜ਼ ਐਸਸੀ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਸਥਾਨਕ ਆਈਟੀਆਈ ਦੇ ਬਾਹਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਤੇ ਇਨਸਾਫ ਲਈ ਰਾਜ ਭਰ ਤੋਂ ਜੁੜੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਮੁਲਾਜ਼ਮ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਜਿਸ਼ ਤਹਿਤ ਦਲਿਤ ਵਰਗ ਨਾਲ ਸੰਬੰਧਿਤ ਸਿਖਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਜਾਣਬੁੱਝਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਹਾਸ਼ੀਏ ਤੇ ਧਕੇਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਮੰਜਲਾਂ ਇਮਾਰਤਾਂ ਦੀਆਂ ਚਾਰਦੀਵਾਰੀਆਂ ਵਿੱਚ ਕੈਦ ਇਨ੍ਹਾਂ ਅਧਿਕਾਰੀਆਂ ਵੱਲੋਂ ਵਿਭਾਗ ਦੇ ਵਜ਼ੀਰ ਨੂੰ ਵੀ ਗਲਤ ਅੰਕੜੇ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਕਾਰਨ ਰਾਜ ਦੀਆਂ ਸੰਸਥਾਵਾਂ ਦੀ ਹਾਲਤ ਦਿਨੋਂ ਦਿਨ ਹਾਸੋਹੀਣੀ ਬਣਨ ਦੇ ਨਾਲ ਨਾਲ ਨਿਘਰਦੀ ਹੀ ਜਾ ਰਹੀ ਹੈ। ਸ਼੍ਰੀ ਪੁਰਖਾਲਵੀ ਨੇ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸਿੱਧੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਜੂਨੀਅਰ ਅਤੇ ਅਯੋਗ ਅਧਿਕਾਰੀਆਂ ਰਾਹੀਂ ਵੱਖ ਵੱਖ ਸੰਸਥਾਵਾਂ ਵਿੱਚੋਂ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਬੰਦ ਕਰਨ ਲਈ ਵਿੱਤੀ ਅਤੇ ਪ੍ਰਸ਼ਾਸ਼ਕੀ ਅਧਿਕਾਰ ਯੋਗ ਅਤੇ ਸੀਨੀਅਰ ਅਧਿਕਾਰੀਆਂ ਦੇ ਸਪੁਰਦ ਕੀਤੇ ਜਾਣ ਤੋਂ ਇਲਾਵਾ ਅਗਰ ਮੁਲਾਜ਼ਮਾਂ ਅਤੇ ਸਿਖਿਆਰਥੀਆਂ ਦੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਾਲ ਵਿਚਾਰ ਅਤੇ ਗੌਰ ਨਾ ਕੀਤਾ ਗਿਆ ਤਾਂ ਵਿਭਾਗ ਦੀ ਸਥਿਤੀ ਵਿਸਫ਼ੋਟਕ ਹੋਣ ਕਾਰਨ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿੱਚ ਟਕਰਾਉ ਦੀ ਸਥਿਤੀ ਬਣ ਜਾਵੇਗੀ।
ਸ੍ਰੀ ਪੁਰਖਾਲਵੀ ਨੇ ਦੁੱਖ ਜਾਹਰ ਕੀਤਾ ਕਿ ਵਿਭਾਗੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਰਾਜ ਦੀਆਂ ਸੰਸਥਾਵਾਂ ਵਿੱਚ ਸਿਰਫ 30 ਪ੍ਰਤੀਸ਼ਤ ਹੀ ਦਾਖਲਾ ਸੰਭਵ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਰ ਯੂਨੀਅਨ ਦੀਆਂ ਵਾਜਿਬ ਮੰਗਾਂ ਅਤੇ ਸਮੱਸਿਆਵਾਂ ਵੱਲ ਤਵੱਜੋਂ ਨਾ ਦਿੱਤੀ ਗਈ ਤਾਂ ਯੂਨੀਅਨ ਵੱਲੋਂ ਲੜੀਵਾਰ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਵਿਭਾਗੀ ਉਚ ਅਧਿਕਾਰੀਆਂ ਦੀ ਹੋਵੇਗੀ।
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਆਗੂ ਸ੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਵਿਭਾਗ ਵਿੱਚ ਸਿੱਧੀ ਸਿਆਸੀ ਦਖ਼ਲ ਅੰਦਾਜੀ ਨੇ ਇਮਾਨਦਾਰ ਅਤੇ ਮਿਹਨਤੀ ਮੁਲਾਜ਼ਮਾਂ ਦੀਆਂ ਬਦਲੀਆਂ ਦੂਰ ਦੁਰਾਡੇ ਕਰਕੇ ਉਨ੍ਹਾਂ ਪੱਲੇ ਅਣਕਿਆਸੀਆਂ ਪੀੜਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਕਾਰਨ ਸਿੱਖਿਆ ਦਾ ਮਿਆਰ ਦਿਨੋਂ ਦਿਨ ਨਿਘਰਦਾ ਹੀ ਜਾ ਰਿਹਾ ਹੈ, ਜਿਸ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਧਰਨੇ ਦੌਰਾਨ ਰਾਜ ਸਰਕਾਰ ਅਤੇ ਅਫਸਰਸ਼ਾਹੀ ਦਾ ਜੋਰਦਾਰ ਪਿੱਟ ਸਿਆਪਾ ਕਰਕੇ ਜੋਰਦਾਰ ਨਾਹਰੇਬਾਜੀ ਕੀਤੀ ਗਈ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਆਈ ਟੀ ਆਈ ਮੁਹਾਲੀ ਦੇ ਭ੍ਰਿਸ਼ਟ ਕਰਮਚਾਰੀ ਵੱਲੋਂ ਆਪੂ ਬਣੇ ਫਰਜੀ ਪ੍ਰਿੰਸੀਪਲ ਬਣਕੇ ਪਿਛਲੇ ਡੇਢ ਸਾਲ ਤੋਂ ਸੰਸਥਾ ਵਿੱਚ ਕੀਤੀ ਕਰੋੜਾਂ ਰੁਪਏ ਦੀ ਘਪਲੇਬਾਜੀ ਦੀ ਉਚ ਪੱਧਰੀ ਜਾਂਚ ਅਮਲ ਵਿਚ ਲਿਆਉਣ ਲਈ ਦੋਸ਼ੀ ਕਰਮਚਾਰੀ ਦੇ ਸੇਵਾ ਕਾਲ ਵਿੱਚ ਕੀਤੇ ਗਏ ਇੱਕ ਸਾਲ ਦੇ ਵਾਧੇ ਨੂੰ ਪ੍ਰਸ਼ਾਸ਼ਕੀ ਆਧਾਰ ਦੇ ਉਤੇ ਰੱਦ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਤਮਾਮ ਵਿੱਤੀ ਅਤੇ ਪ੍ਰਸ਼ਾਸ਼ਕੀ ਫੈਸਲਿਆਂ ਉਤੇ ਪੱਕੀ ਲੀਕ ਫੇਰੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਦਲਿਤ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਚਲਾਈਆਂ ਜਾ ਰਹੀਆਂ ਵੈਲਫੇਅਰ ਟਰੇਡਾਂ ਦੇ ਸਮੂਹ ਸਟਾਫ ਦੀਆਂ ਪਿਛਲੇ 9 ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਪਿਛਲੇ 9 ਸਾਲਾਂ ਤੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਸਿਖਿਆਰਥੀਆਂ ਲਈ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਨੂੰ ਬੰਦ ਕਰਨ ਦੀ ਬਜਾਏ ਉਨ੍ਹਾਂ ਵਿੱਚ ਲੋੜੀਂਦੇ ਸੁਧਾਰ ਕਰਕੇ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਨਿਰੰਤਰ ਜਾਰੀ ਰੱਖਿਆ ਜਾਵੇ।
ਯੂਨੀਅਨ ਨੇ ਵਿਭਾਗ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿਤੀ ਕਿ ਅਗਰ ਉਨ੍ਹਾਂ ਵਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਨੂੰ ਸਮੇਂ ਸਿਰ ਪੂਰਾ ਨਾ ਕੀਤਾ ਗਿਆ ਤਾਂ 16 ਮਈ ਤੋਂ ਮੁਲਾਜ਼ਮਾਂ ਵੱਲੋਂ ਲਗਾਤਾਰ ਭੁੱਖ ਹਤਾਲ ਸ਼ੁਰੂ ਕਰ ਦਿਤੀ ਜਾਵੇਗੀ ਜਿਸ ਤੋਂ ਪੈਦਾ ਹੋਣ ਵਾਲੇ ਤਮਾਮ ਮਾਰੂ ਸਿੱਟਿਆਂ ਲਈ ਵਿਭਾਗੀ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਆਗੂ ਸਤਨਾਮ ਸਿੰਘ ਬਟਾਲਵੀ ਸਮਰਾਲਾ, ਨਰੇਸ਼ ਚੰਦ ਬਠਿੰਡਾ, ਹਰਬੰਸ ਸਿੰਘ ਹੁਸ਼ਿਆਰਪੁਰ, ਸੋਹਨ ਲਾਲ ਬਟਾਲਾ, ਕੁਲਵੰਤ ਸਿੰਘ ਤੇ ਬਲਵੀਰ ਸਿੰਘ ਮੋਗਾ, ਪ੍ਰੇਮ ਚੰਦ ਗੁਰਦਾਸਪੁਰ, ਅਮਰਜੀਤ ਸਿੰਘ ਖਿਓਵਾਲੀ, ਪਰਮਜੀਤ ਸਿੰਘ ਤੇ ਮਨੋਜ ਕੁਮਾਰ ਨਵਾਂਸ਼ਹਿਰ, ਦੁਨੀ ਚੰਦ ਜਲੰਧਰ, ਰਵੀ ਕੁਮਾਰ ਪਠਾਨਕੋਟ, ਵਿਜੇ ਕੁਮਾਰ ਫ਼ਤਿਹਗੜ੍ਹ ਚੂੜ੍ਹੀਆਂ, ਸੁਰਿੰਦਰ ਸਿੰਘ ਖੰਨਾ, ਅਸ਼ੋਕ ਕੁਮਾਰ ਨੰਗਲ ਅਤੇ ਸ਼ਰਨਪ੍ਰੀਤ ਸਿੰਘ ਬੱਸੀ ਪਠਾਣਾ ਆਦਿ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…