
ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਹੱਲਾ ਬੋਲ ਰੈਲੀ, ਨਾਅਰੇਬਾਜੀ
ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਦਾ ਵਿਰੋਧ ਕਰਨ ਦੀ ਚਿਤਾਵਨੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਸਤੰਬਰ ਨੂੰ ਪੈਨਲ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸੇ ਮਗਰੋਂ ਕੀਤਾ ਧਰਨਾ ਪ੍ਰਦਰਸ਼ਨ ਖ਼ਤਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਅਣ-ਰਿਵਾਇਜਡ ਅਤੇ ਪਾਰਸ਼ੀਅਲੀ ਰਿਵਾਈਜਡ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਤੇ ਯੂਟੀ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਅੱਜ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਗਰਾਉਂਡ ਵਿੱਚ ਕੋਆਰਡੀਨੇਟਰ ਸੁਖਨੰਦਨ ਸਿੰਘ ਮੈਹਣੀਆਂ ਦੀ ਅਗਵਾਈ ਹੇਠ ਸੂਬਾ ਪੱਧਰੀ ਹੱਲ ਬੋਲ ਰੈਲੀ ਕੀਤੀ। ਜਿਸ ਵਿੱਚ ਪੰਜਾਬ ਦੀਆਂ 30 ਤੋਂ ਵੱਧ ਮੁਲਾਜ਼ਮ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਇਸ ਮੌਕੇ ਸੁਖਨੰਦਨ ਸਿੰਘ ਮੈਹਣੀਆਂ, ਪੰਜਾਬ ਡਰਾਈਵਰ ਐਂਡ ਟੈਕਨੀਕਲ ਐਂਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ, ਜਨਰਲ ਸਕੱਤਰ ਗੁਰਦੀਪ ਸਿੰਘ ਰਾਏ ਜਨਰਲ ਸਕੱਤਰ, ਆਯੁਰਵੈਦਿਕ ਯੂਨੀਅਨ ਦੇ ਆਗੂ ਹਰਜੀਤ ਸਿੰਘ, ਪੰਜਾਬ ਰੋਡਵੇਜ ਤੋਂ ਰਾਜ ਕੁਮਾਰ, ਦਲਜੀਤ ਸਿੰਘ ਭਾਖਰ ਕਿਹਾ ਕਿ ਸਾਲ 1968 ਤੋਂ 2011 ਤੱਕ ਜਿਹੜੀਆਂ ਸ਼੍ਰੇਣੀਆਂ ਬਰਾਬਰ ਪੇ-ਪੈਰਿਟੀ ਉੱਤੇ ਚੱਲ ਰਹੀਆਂ ਸਨ, ਉਨ੍ਹਾਂ ’ਚੋਂ ਕੁੱਝ ਮੁਲਾਜ਼ਮ ਸ਼੍ਰੇਣੀਆਂ ਨਾਲ ਤਨਖ਼ਾਹ ਸਕੇਲਾਂ ਦੇ ਮਾਮਲੇ ਵਿੱਚ ਕੈਬਨਿਟ ਸਬ-ਕਮੇਟੀ ਨੇ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਸਰਕਾਰ ਨੇ ਸਾਲ 2013-14 ਵਿੱਚ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਪੰਜਵੇਂ ਤਨਖ਼ਾਹ-ਕਮਿਸ਼ਨ ਵਿੱਚ ਧੱਕੇ ਦਾ ਸ਼ਿਕਾਰ ਹੋਈਆਂ ਸ਼੍ਰੇਣੀਆਂ ਨੂੰ ਛੇਵੇਂ ਤਨਖ਼ਾਹ-ਕਮਿਸ਼ਨ ਵਿੱਚ ਬਰਾਬਰ ਕਰ ਦਿੱਤਾ ਜਾਵੇਗਾ ਪ੍ਰੰਤੂ ਹੁਣ ਛੇਵੇਂ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਵਿੱਚ ਇਨ੍ਹਾਂ ਅਣ-ਰਿਵਾਈਜ਼ਡ ਅਤੇ ਪਾਰਸ਼ੀਅਲੀ ਰਿਵਾਈਜ਼ਡ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਲ ਕੀਤਾ ਤਾਂ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਅਤੇ ਐਸਪੀ ਹਰਵਿੰਦਰ ਸਿੰਘ ਵਿਰਕ ਨੇ ਮੌਕੇ ’ਤੇ ਪਹੁੰਚ ਕੇ ਮੁਲਾਜ਼ਮਾਂ ਦਾ ਰਾਹ ਰੋਕ ਲਿਆ ਅਤੇ ਉਨ੍ਹਾਂ ਤੋਂ ਮੰਗ ਪੱਤਰ ਹਾਸਲ ਕਰਕੇ ਯੂਨੀਅਨਾਂ ਦੇ ਮੋਹਰੀ ਆਗੂਆਂ ਦੀ 2 ਸਤੰਬਰ ਨੂੰ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ। ਜਿਸ ਕਾਰਨ ਮੁਲਾਜ਼ਮਾਂ ਨੇ ਨਾ ਸਿਰਫ਼ ਚੰਡੀਗੜ੍ਹ ਕੂਚ ਕਰਨ ਦਾ ਪ੍ਰੋਗਰਾਮ ਮੁਲਤਵੀ ਕੀਤਾ ਬਲਕਿ ਰੋਸ ਰੈਲੀ ਵੀ ਖ਼ਤਮ ਕਰਨ ਦਾ ਐਲਾਨ ਕੀਤਾ। ਉਂਜ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਦਾ ਪੱਕਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ। ਸੰਸਥਾ ਲਲਕਾਰ ਦੀ ਪ੍ਰਧਾਨ ਅਮਨਦੀਪ ਕੌਰ ਨੇ ਵੀ ਰੈਲੀ ਵਿੱਚ ਪਹੁੰਚ ਕੇ ਮੁਲਾਜ਼ਮਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਨਰੇਸ਼ਪਾਲ ਸੈਣੀ, ਮਨਦੀਪ ਸਿੰਘ, ਸੰਜੀਵ ਕੁਮਾਰ, ਅਜਮੇਰ ਸਿੰਘ, ਦੀਪਇੰਦਰ ਖਹਿਰਾ, ਸੁਖਵਿੰਦਰ ਸਿੰਘ, ਨਵਨੀਤ ਕੁਮਾਰ, ਗੁਰਮੀਤ ਸਿੰਘ, ਜਸਕਰਨ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਸਤੀਸ਼ ਸ਼ਰਮਾ, ਅਮਨਵੀਰ ਸਿੰਘ, ਮੁਕੇਸ਼ ਕੰਡਾ, ਧਰਮਿੰਦਰ ਰਾਹੀ, ਗੁਰਸ਼ਰਨਜੀਤ, ਸ਼ਿਵਦੀਪ ਗੋਇਲ, ਜਸਵਿੰਦਰ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।