ਮੁਲਾਜ਼ਮਾਂ ਵੱਲੋਂ ਸਿੱਖਿਆ ਬੋਰਡ\ਪੁੱਡਾ ਲਾਲ ਬੱਤੀ ਚੌਕ ’ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਪੰਜਾਬ ਅਤੇ ਯੂਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਬਾਅਦ ਦੁਪਹਿਰ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਬੋਰਡ ਤੇ ਪੁੱਡਾ ਲਾਲ ਬੱਤੀ ਚੌਕ ’ਤੇ ਸੂਬਾ ਕਨਵੀਨਰ ਸੁਖਦੇਵ ਸਿੰਘ ਸੈਣੀ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰ ਹਰਜੀਤ ਸਿੰਘ ਬਸੋਤਾ, ਕਰਤਾਰਪਾਲ, ਸਕੂਲ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਸ਼ੀਸ਼ਨ ਕੁਮਾਰ, ਚਰਨਜੀਤ ਕੌਰ, ਗੁਰਮੀਤ ਸਿੰਘ ਪੰਜਾਬ ਰੋਡਵੇਜ਼ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕੀਤਾ ਜਾਵੇ, ਘੱਟੋ-ਘੱਟ ਤਨਖ਼ਾਹ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਵੇ। 1 ਜਨਵਰੀ 2016 ਤੋਂ ਤਨਖ਼ਾਹ ਕਮਿਸ਼ਨ ਲਾਗੂ ਕਰਦੇ ਸਮੇਂ ਮਹਿੰਗਾਈ ਨੂੰ ਅਧਾਰ ਬਣਾਇਆ ਜਾਵੇ। ਤਨਖ਼ਾਹ ਦੁਹਰਾਈ ਦਾ ਫਾਰਮੂਲਾ ਸਾਰੇ ਵਰਗਾਂ ਲਈ 2.72 ਗੁਣਾਂਕ ਨਾਲ ਲਾਗੂ ਕੀਤਾ ਜਾਵੇ, ਸਾਲ-2011 ਨੂੰ ਜਿਨ੍ਹਾਂ ਵਰਗਾਂ ਨੂੰ ਗਰੇਡ ਪੇ ਸੋਧਣ ਸਮੇਂ ਪੂਰਾ ਇਨਸਾਫ਼ ਨਹੀਂ ਮਿਲਿਆਂ, ਉਨ੍ਹਾਂ ਨੂੰ 2.89 ਗੁਣਾਂਕ ਅਤੇ ਜਿਨ੍ਹਾਂ ਵਰਗਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਲਈ 3.06 ਗੁਣਾਂਕ ਲਾਗੂ ਕੀਤਾ ਜਾਵੇ ਅਤੇ ਘੱਟੋ-ਘੱਟ ਲਾਭ 20 ਫੀਸਦੀ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਬੰਦ ਭੱਤੇ ਬਹਾਲ ਕੀਤੇ ਜਾਣ ਅਤੇ ਸਮੁੱਚੇ ਭੱਤਿਆਂ ਵਿੱਚ 2.25 ਫੀਸਦੀ ਨਾਲ ਵਾਧਾ ਕੀਤਾ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਸਾਲਾਨਾ ਤਰੱਕੀਆਂ ਸਮੇਤ ਤਨਖ਼ਾਹ ਕਮਿਸ਼ਨ ਸਬੰਧੀ ਪੈਨਸ਼ਨਰਜ਼ ਦਾ ਨੋਟੀਫ਼ਿਕੇਸ਼ਨ ਛੇਤੀ ਜਾਰੀ ਕੀਤਾ ਜਾਵੇ। 20 ਸਾਲ ਦੀ ਸੇਵਾ ’ਤੇ ਪੂਰੀ ਪੈਨਸ਼ਨ ਦਾ ਹੱਕ ਦਿੱਤਾ ਜਾਵੇ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਮਾਣ ਭੱਤੇ/ਇਨਸੈਨਟਿਵ ਵਰਕਰਾਂ ਦਾ ਮਾਣ ਭੱਤਾ 26 ਹਜ਼ਾਰ ਰੁਪਏ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਅਤੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੋਟੀਫ਼ਿਕੇਸ਼ਨ ਰੱਦ ਕੀਤੇ ਜਾਣ। ਪੁਨਰਗਠਨ ਦੇ ਨਾਂ ’ਤੇ ਵੱਖ-ਵੱਖ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਛਾਂਟੀ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਜਨਤਕ ਅਦਾਰੇ ਜਿਵੇਂ ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਪਾਵਰਕੌਮ ਅਤੇ ਟਰਾਸਮਿਸ਼ਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੇ ਬੈਂਡ 1 ਦਸੰਬਰ 2011 ਤੋਂ ਲਾਗੂ ਕਰਕੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇ।
ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਹੱਕ ਵਿੱਚ ਹੋਏ ਅਦਾਲਤੀ ਦੇ ਫੈਸਲੇ ਲਾਗੂ ਕਰਕੇ ਜਨਰਲਾਈਜ ਕੀਤੇ ਜਾਣ। ਟੈੱਟ ਪਾਸ ਅਧਿਆਪਕਾਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ ਅਡਜਸਟ ਕੀਤਾ ਜਾਵੇ। ਇਸ ਮੌਕੇ ਪੁੱਡਾ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਬਿੱਲਾ, ਮੰਗਤ ਰਾਮ, ਕੁਲਦੀਪ ਸਿੰਘ, ਵਿਜੈ ਕੁਮਾਰ ਲਾਹੌਰੀਆ, ਮੰਗਾ ਸਿੰਘ, ਪ੍ਰੇਮ ਚੰਦ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …