ਸਫ਼ਾਈ ਕਰਮਚਾਰੀਆਂ ਵੱਲੋਂ ਠੇਕੇਦਾਰ ਕੰਪਨੀ ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ

ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਤੇ ਤਜਰਬਾ ਸਰਟੀਫਿਕੇਟ ਨਾ ਦੇਣ ਦੇ ਲਗਾਏ ਦੋਸ਼

ਆਮ ਆਦਮੀ ਪਾਰਟੀ, ਯੂਥ ਕਾਂਗਰਸ ਤੇ ਵਾਲਮੀਕ ਸਮਾਜ ਜਗਤਪੁਰਾ ਨੇ ਵੀ ਧਰਨੇ ਵਿੱਚ ਪਹੁੰਚ ਕੇ ਕੀਤਾ ਸਮਰਥਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਸਫ਼ਾਈ ਕਰਮਚਾਰੀਆਂ ਵੱਲੋਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਅੱਜ ਇੱਥੋਂ ਦੇ ਸਨਅਤੀ ਏਰੀਆ ਫੇਜ਼-9 ਸਥਿਤ ਸਫ਼ਾਈ ਠੇਕੇਦਾਰ ਕੰਪਨੀ ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਕੰਪਨੀ ਪ੍ਰਬੰਧਕਾਂ ਸਮੇਤ ਸੂਬਾ ਸਰਕਾਰ ਅਤੇ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਵੱਲੋਂ 3-4 ਮਹੀਨੇ ਪਹਿਲਾ ਕੀਤੀ ਹੜਤਾਲ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਇਹ ਸਮਝੌਤਾ ਹੋਇਆ ਸੀ ਕਿ ਛੇਤੀ ਹੀ ਠੇਕੇਦਾਰੀ ਸਿਸਟਮ ਖ਼ਤਮ ਕਰ ਕੇ ਸਫ਼ਾਈ ਕਾਮਿਆਂ ਦੀ ਰੈਗੂਲਰ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਤਾਂ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਆਨਲਾਈਨ ਫਾਰਮ ਭਰਨ ਲਈ 25 ਅਕਤੂਬਰ ਤੋਂ 8 ਨਵੰਬਰ ਰੱਖੀ ਗਈ ਹੈ ਪ੍ਰੰਤੂ ਬਿਨੈਕਾਰਾਂ ’ਤੇ ਤਜਰਬਾ ਸਰਟੀਫਿਕੇਟ ਨੱਥੀ ਕਰਨ ਦੀ ਸ਼ਰਤ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਠੇਕੇਦਾਰ ਕੰਪਨੀ ਵੱਲੋਂ ਜਾਣ ਬੁੱਝ ਕੇ ਕਰਮਚਾਰੀਆਂ ਨੂੰ ਤਜਰਬਾ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ। ਅਜਿਹਾ ਕਰਕੇ ਸਫ਼ਾਈ ਕਾਮਿਆਂ ਨੂੰ ਭਰਤੀ ਲਈ ਫਾਰਮ ਭਰਨ ਤੋਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹੀ ਨਹੀਂ ਪ੍ਰਾਈਵੇਟ ਕੰਪਨੀ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ। ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਦੀ ਨਾ ਤਨਖ਼ਾਹ ਮਿਲੀ ਹੈ ਅਤੇ ਨਾ ਹੀ ਦੀਵਾਲੀ ਬੋਨਸ ਦਿੱਤਾ ਗਿਆ। ਜਿਸ ਕਾਰਨ ਸਫ਼ਾਈ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ।
ਇਸ ਮੌਕੇ ਯੂਥ ਕਾਂਗਰਸ ਆਗੂ ਸੁਖਪ੍ਰੀਤ ਸਿੰਘ ਜੋਨੀ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਨ ਦਾ ਐਲਾਨ ਕਰਦਿਆਂ ਇਹ ਮਸਲੇ ਹੱਲ ਕਰਨ ਦੀ ਮੰਗ ਕੀਤੀ। ਵਾਲਮੀਕ ਸਮਾਜ ਜਗਤਪੁਰਾ ਦੇ ਪ੍ਰਧਾਨ ਬਿੱਲੂ ਨੇ ਵੀ ਧਰਨੇ ਵਿੱਚ ਪਹੁੰਚ ਕੇ ਹਮਾਇਤ ਕੀਤੀ। ਇਸ ਮੌਕੇ ਕਈ ਧਰਨਾਕਾਰੀਆਂ ਨੇ ਇਹ ਗਿਲਾ ਕੀਤਾ ਕਿ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਬਾਹਰ ਤਾਂ ਸਫ਼ਾਈ ਕਾਮਿਆਂ ਦੇ ਹੱਕ ਦੀ ਗੱਲ ਕਰਦੇ ਹਨ ਪ੍ਰੰਤੂ ਕੰਪਨੀ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਆਪਣੇ ਨਿੱਜੀ ਫਾਇਦੇ ਲੱਭਦੇ ਹਨ।
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਵਿਨੀਤ ਵਰਮਾ ਦੀ ਅਗਵਾਈ ਹੇਠ ਆਪ ਵਲੰਟੀਅਰਾਂ ਨੇ ਧਰਨੇ ਵਿੱਚ ਪਹੁੰਚ ਕੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਸਿੱਧੀ ਭਰਤੀ ਸਮੇਤ ਹੋਰ ਮਸਲੇ ਤੁਰੰਤ ਹੱਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਵਿੱਚ ਗਰੀਬਾਂ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਅਤੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਅਰੁਣਾ ਸ਼ਰਮਾ, ਪ੍ਰਭਜੋਤ ਕੌਰ, ਜਸਪਾਲ ਕਾਊਣੀ, ਅਮਰਦੀਪ ਕੌਰ, ਵਰਿੰਦਰ ਸਿੰਘ ਬੇਦੀ, ਗੁਰਮੁੱਖ ਸਿੰਘ ਮਾਨ ਤੇ ਰਾਜੀਵ ਵਸ਼ਿਸ਼ਟ ਵੀ ਹਾਜ਼ਰ ਸਨ।
ਉਧਰ, ਸਫ਼ਾਈ ਕਰਮਚਾਰੀਆਂ ਨੇ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਭਲਕੇ ਬੁੱਧਵਾਰ ਤੋਂ ਘਰ-ਘਰ ਜਾ ਕੇ ਕੂੜਾ ਚੁੱਕਣਾ ਬੰਦ ਕਰ ਦੇਣਗੇ ਅਤੇ ਸਾਰੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦਾ ਪਹੀਆ ਜਾਮ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਦਾ ਸਾਰਾ ਕੂੜਾ ਚੁੱਕ ਕੇ ਮੇਅਰ ਦੀ ਕੋਠੀ ਦੇ ਬਾਹਰ ਢੇਰ ਲਗਾਇਆ ਜਾਵੇਗਾ ਅਤੇ ਅਣਮਿਥੇ ਸਮੇਂ ਲਈ ਮੇਅਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …