
ਚੋਣਾਂ ਦੀਆਂ ਅਗਾਊਂ ਤਿਆਰੀਆਂ ਲਈ ਮੁਲਾਜ਼ਮਾਂ ਦਾ ਪਹਿਲ ਦੇ ਆਧਾਰ ’ਤੇ ਹੋਵੇਗਾ ਟੀਕਾਕਰਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅਗਲੇ ਸਾਲ 2022 ਦੀ ਪਹਿਲੀ ਤਿਮਾਹੀ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਅਗਾਊਂ ਤਿਆਰੀਆਂ ਲਈ ਤਾਇਨਾਤ ਕੀਤੇ ਕਰਮਚਾਰੀਆਂ ਦਾ ਪਹਿਲ ਦੇ ਆਧਾਰ ’ਤੇ ਕੋਵਿਡ ਟੀਕਾਕਰਨ ਕਰਵਾਇਆ ਜਾਵੇਗਾ। ਇਸ ਸਬੰਧੀ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਚਲ ਰਿਹਾ ਅਤੇ ਜਲਦੀ ਹੀ ਸਪੈਸ਼ਲ ਸਮਰੀ ਰਿਵੀਜ਼ਨ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ।
ਡੀਸੀ ਨੇ ਕਿਹਾ ਕਿ ਚੋਣਾਂ ਦੇ ਕੰਮ ਦੀਆਂ ਤਿਆਰੀਆਂ ਲਈ ਬੀਐਲਓਜ਼, ਸੁਪਰਵਾਈਜ਼ਰ ਬੂਥ ਲੈਵਲ ਆਫ਼ੀਸਰਜ਼, ਡਾਟਾ ਐਂਟਰੀ ਪਰਸਨਲ, ਮਾਸਟਰ ਟਰੇਨਰਜ਼, ਚੋਣ ਸਾਖਰਤਾ ਕਲੱਬ ਇੰਚਾਰਜ, ਸਵੀਪ ਕੋਆਰਡੀਨੇਟਰ, ਦਿਵਿਆਂਗ ਵੋਟਰਾਂ ਲਈ ਕੋਆਰਡੀਨੇਟਰ, ਇਸਤਰੀ ਵੋਟਰਾਂ ਲਈ ਕੁਆਰਡੀਨੇਟਰ, ਐਨਆਰਆਈ ਵੋਟਾਂ ਲਈ ਕੋਆਰਡੀਨੇਟਰ, ਪ੍ਰਵਾਸੀ ਮਜ਼ਦੂਰਾਂ ਲਈ ਕੋਆਰਡੀਨੇਟਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਵੱਲੋਂ ਵੀ ਸਮੇਂ-ਸਮੇਂ ’ਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਇਲੈਕਟਰੋਲ ਕੰਮ ਸਬੰਧੀ ਡਿਊਟੀ ਉੱਤੇ ਲਗਾਇਆ ਜਾਂਦਾ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਅਗਾਊਂ ਤਿਆਰੀਆਂ ਸਬੰਧੀ ਤਾਇਨਾਤ ਸਮੂਹ ਕਰਮਚਾਰੀਆਂ ਅਤੇ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਅਮਲੇ ਨੂੰ ਮਹਾਮਾਰੀ ਤੋਂ ਸੁਰੱਖਿਅਤ ਕਰਨ ਲਈ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟੀਕਾਕਰਨ ਪਹਿਲ ਦੇ ਅਧਾਰ ਉੱਤੇ ਕਰਵਾਇਆ ਜਾਵੇਗਾ।