
ਘਰ-ਘਰ ਰੁਜ਼ਗਾਰ: ਜ਼ਿਲ੍ਹਾ ਪ੍ਰਸ਼ਾਸਨ ਨੇ 7ਵੇਂ ਮੈਗਾ ਰੁਜ਼ਗਾਰ ਮੇਲਿਆਂ ਲਈ ਕਮਰਕੱਸੀ
ਵਰਚੂਅਲ ਤੇ ਫਿਜ਼ੀਕਲ ਤੌਰ ’ਤੇ 9 ਤੋਂ 17 ਸਤੰਬਰ ਤੱਕ ਕਰਵਾਏ ਜਾਣਗੇ ਰੁਜ਼ਗਾਰ ਮੇਲੇ: ਦਿਆਲਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ 7ਵੇਂ ਰਾਜ ਪੱਧਰੀ ਮੈਗਾ ਨੌਕਰੀ ਅਤੇ ਸਵੈ-ਰੁਜ਼ਗਾਰ ਮੇਲੇ ਲਈ ਕਮਰ ਕੱਸ ਲਈ ਹੈ। ਇਸ ਯੋਜਨਾ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ 9 ਤੋਂ 17 ਸਤੰਬਰ ਤੱਕ ਇਹ ਮੇਲੇ ਵਰਚੂਅਲ ਤੇ ਫਿਜ਼ੀਕਲ ਤੌਰ ’ਤੇ ਕਰਵਾਏ ਜਾਣਗੇ। ਇਨ੍ਹਾਂ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਸਮੇਤ ਜ਼ਿਲ੍ਹੇ ਵਿੱਚ ਚਾਰ ਵੱਖ-ਵੱਖ ਥਾਵਾਂ ’ਤੇ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਰੁਜ਼ਗਾਰ ਮੇਲਾ 9 ਸਤੰਬਰ ਨੂੰ ਸਰਕਾਰੀ ਕਾਲਜ ਡੇਰਾਬੱਸੀ ਵਿੱਚ, ਦੂਜਾ 11 ਸਤੰਬਰ ਨੂੰ ਸੀਜੀਸੀ ਕਾਲਜ ਲਾਂਡਰਾਂ ਵਿੱਚ ਲਾਇਆ ਜਾਵੇਗਾ ਜਦੋਂਕਿ ਤੀਜਾ ਮੇਲਾ 14 ਸਤੰਬਰ ਨੂੰ ਰਿਆਤ ਐਂਡ ਬਾਹਰਾ ਕਾਲਜ ਖਰੜ ਅਤੇ ਚੌਥਾ ਰੁਜ਼ਗਾਰ ਮੇਲਾ 17 ਸਤੰਬਰ ਨੂੰ ਸਰਕਾਰੀ ਕਾਲਜ ਫੇਜ਼-6 ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਨਾਮੀ ਕੰਪਨੀਆਂ ਵੱਲੋਂ ਮੌਕੇ ’ਤੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀਈਓ ਮਨਜੇਸ਼ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਪੱਧਰੀ ਨਾਮਵਰ ਕੰਪਨੀਆਂ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਸਵਰਾਜ, ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਲਾਈਫ਼, ਪੁਖਰਾਜ ਹੈਲਥ ਕੇਅਰ, ਜ਼ਮੈਟੋ ਅਤੇ ਪੇਟੀਐਮ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਮੈਟ੍ਰਿਕ, ਸੀਨੀਅਰ ਸੈਕੰਡਰੀ, ਗਰੈਜੂਏਟ ਹਨ ਜਾਂ ਉੱਚ ਸਿੱਖਿਆ ਦੀ ਡਿਗਰੀ ਜਾਂ ਆਈਟੀਆਈ ਵਪਾਰ ਦੀ ਡਿਗਰੀ ਰੱਖਦੇ ਹਨ, ਉਹ ਇਨ੍ਹਾਂ ਮੇਲਿਆਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਇਨ੍ਹਾਂ ਗਲੋਬਲ ਕੰਪਨੀਆਂ ਵੱਲੋਂ ਕਿਰਾਏ ’ਤੇ ਲੈਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ। ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਉਮੀਦਵਾਰ ਨੌਕਰੀ ਭਾਲਣ ਵਾਲਿਆਂ ਵਜੋਂ ਆਪਣੇ ਆਪ ਨੂੰ www.pgrkam.com ’ਤੇ ਰਜਿਸਟਰ ਕਰਵਾ ਸਕਦੇ ਹਨ।