Nabaz-e-punjab.com

ਹੁਨਰ ਹੈ ਤਾਂ ਰੁਜ਼ਗਾਰ ਹੈ ਤਹਿਤ ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਰੁਜ਼ਗਾਰ ਮੇਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨੌਜਵਾਨਾਂ ਨੂੰ ਐੱਨਐੱਸਕਿਊਐੱਫ ਵਿਸ਼ੇ ਅਤੇ ਵੋਕੇਸ਼ਨਲ ਸਟਰੀਮ ਨਾਲ ਬਾਰ੍ਹਵੀਂ ਪਾਸ ਕਰਨ ਉਪਰੰਤ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ‘ਹੁਨਰ ਹੈ ਤਾਂ ਰੁਜ਼ਗਾਰ ਹੈ’ ਦੇ ਬੈਨਰ ਥੱਲੇ 24 ਜੂਨ ਤੋਂ 29 ਜੂਨ ਤੱਕ ਰੁਜ਼ਗਾਰ ਮੇਲੇ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਮੇਲਿਆਂ ਵਿੱਚ ਸੈਸ਼ਨ 2018-19 ਦੌਰਾਨ ਪਾਸ ਹੋਣ ਵਾਲੇ ਕੇਵਲ ਵੋਕੇਸ਼ਨਲ/ਐੱਨਐੱਸਕਿਊਐੱਫ਼ ਟਰੇਡਾਂ ਦੇ ਬਾਰ੍ਹਵੀਂ ਪਾਸ ਬਾਲਗ ਉਮਰ ਦੇ ਬੱਚੇ ਹੀ ਹਿੱਸਾ ਲੈ ਸਕਣਗੇ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਨੌਵੀਂ ਤੋਂ ਬਾਰ੍ਹਵੀਂ ਤੱਕ ਪੜ੍ਹਾਏ ਜਾ ਰਹੇ ਐੱਨਐੱਸਕਿਊਐੱਫ਼ ਵਿਸ਼ੇ ’ਤੇ ਕਿੱਤਾ ਮੁਖੀ ਕੋਰਸਾਂ ਸਬੰਧੀ ਵਿਸ਼ੇ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 24 ਜੂਨ ਨੂੰ ਮਾਲ ਰੋਡ ਅੰਮ੍ਰਿਤਸਰ ਸਕੂਲ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ, 25 ਜੂਨ ਨੂੰ ਪੀਏਯੂ ਸਕੂਲ ਲੁਧਿਆਣਾ ਵਿੱਚ ਜ਼ਿਲ੍ਹਾ ਲੁਧਿਆਣਾ, ਮੋਗਾ, ਹੁਸ਼ਿਆਰਪੁਰ ਤੇ ਫਿਰੋਜ਼ਪੁਰ, 26 ਜੂਨ ਨੂੰ ਸਿਵਲ ਲਾਇਨਜ਼ ਪਟਿਆਲਾ ਸਕੂਲ ਵਿੱਚ ਜ਼ਿਲ੍ਹਾ ਪਟਿਆਲਾ, ਬਰਨਾਲਾ ਤੇ ਸੰਗਰੂਰ, 27 ਜੂਨ ਨੂੰ ਮਾਲ ਰੋਡ ਬਠਿੰਡਾ ਸਕੂਲ ਵਿੱਚ ਜ਼ਿਲ੍ਹਾ ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ, 28 ਜੂਨ ਨੂੰ ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ), ਫਤਹਿਗੜ੍ਹ ਸਾਹਿਬ ਅਤੇ ਰੂਪਨਗਰ, 29 ਜੂਨ ਨੂੰ ਲਾਡੋਵਾਲੀ ਰੋਡ ਜਲੰਧਰ ਸਕੂਲ ਵਿੱਚ ਜ਼ਿਲ੍ਹਾ ਜਲੰਧਰ, ਗੁਰਦਾਸਪੁਰ, ਪਠਾਨਕੋਟ ਤੇ ਕਪੂਰਥਲਾ ਦੇ ਵਿਦਿਆਰਥੀ ਨਿਰਧਾਰਿਤ ਕੀਤੀ ਜਾਣ ਵਾਲੀ ਸੂਚੀਆਂ ਅਨੁਸਾਰ ਭਾਗ ਲੈਣਗੇ। ਇਹ ਮੇਲੇ ਨਿਰਧਾਰਿਤ ਮਿਤੀ ਅਤੇ ਸਥਾਨ ਅਨੁਸਾਰ ਸਵੇਰੇ 8 ਵਜੇ ਸ਼ੁਰੂ ਹੋਣਗੇ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਬੱਚਿਆਂ ਨੂੰ ਰੁਜ਼ਗਾਰ ਮੇਲਿਆਂ ਵਿੱਚ ਨਿਸ਼ਚਿਤ ਸਥਾਨ ਅਤੇ ਸਮੇਂ ’ਤੇ ਜ਼ਰੂਰ ਭੇਜਣ। ਇਸ ਨਾਲ ਜਿੱਥੇ ਬੱਚਿਆਂ ਦਾ ਹੌਸਲਾ ਵਧੇਗਾ, ਉੱਥੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਇਸ ਸਬੰਧੀ ਸਮੂਹ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰਾਂ ਤੇ ਵੋਕੇਸ਼ਨਲ ਟਰੇਨਰ ਕੋਆਰਡੀਨੇਟਰਾਂ ਦੀ ਇਕ ਹੰਗਾਮੀ ਮੀਟਿੰਗ ਅੱਜ ਇੱਥੋਂ ਦੇ ਫੇਜ਼-8 ਸਥਿਤ ਡੀਜੀਐਸਈ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਹੋਈ। ਜਿਸ ਵਿੱਚ ਐੱਨਐੱਸਕਿਊਐੱਫ਼ ਵਿਸ਼ਾ ਪਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਲਗਾਏ ਜਾਣ ਵਾਲੇ ਰੁਜ਼ਗਾਰ ਮੇਲਿਆਂ ਦੀ ਤਿਆਰੀਆਂ ਦਾ ਜਾਇਜ਼ਾ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਸੁਭਾਸ਼ ਮਹਾਜਨ ਨੇ ਲਿਆ ਅਤੇ ਮੇਲਿਆਂ ਦਾ ਸੁਚਾਰੂ ਢੰਗ ਨਾਲ ਆਯੋਜਨ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਵੱਲੋਂ ਰੁਜ਼ਗਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰਨ ਲਈ ਵੋਕੇਸ਼ਨਲ ਟਰੇਨਰ ਕੋਆਰਡੀਨੇਟਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਅਮਰਜੀਤ ਸਿੰਘ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ, ਸਮੂਹ ਜ਼ਿਲ੍ਹਿਆਂ ਦੇ ਵੋਕੇਸ਼ਨਲ ਕੋਆਰਡੀਨੇਟਰਜ਼ ਅਤੇ ਸਿੱਖਿਆ ਵਿਭਾਗ ਦੇ ਆਲ੍ਹਾ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…