
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਰੁਜ਼ਗਾਰ ਮੇਲੇ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀਬੀਈਈ) ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਹਰੇਕ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ ਬਿਨੈਕਾਰਾਂ ਦੀ ਵਧਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਅੱਜ ਪਲੇਸਮੈਂਟ ਕੈਂਪ ਰੁਜ਼ਗਾਰ ਮੇਲੇ ਦੇ ਰੂਪ ਧਾਰ ਗਿਆ। ਜਿਸ ਵਿੱਚ ਸ਼ੋਪ ਐਂਡ ਸਰਵਿਸਿਜ਼, ਇੰਡਸਇੰਡ ਬੈਂਕ, ਜੇਸੀਬੀਐਲ, ਨੈੱਟ ਸਮਾਰਟਜ਼, ਏਅਰਟੈੱਲ ਨੇ ਪਹੁੰਚ ਕੇ ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫ਼ਸਰ, ਐਗਜੈਗਟਿਵ ਅਫ਼ਸਰ, ਕਸਟਮਰ ਕੇਅਰ ਐਗਜੈਗਟਿਵ, ਸੀਐਨਸੀ ਅਪਰੇਟਰ, ਟਰਨਰ, ਫਿਟਰ, ਕੰਪਿਊਟਰ ਅਪਰੇਸ਼ਨ ਅਫ਼ਸਰ, ਜੂਨੀਅਰ ਅਫ਼ਸਰ ਆਦਿ ਸੈਕਟਰਾਂ ਵਿੱਚ ਅਸਾਮੀਆਂ ਲਈ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ।
ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਡੀਬੀਈਈ ਕੋਲ ਰਜਿਸਟਰਡ ਦਸਵੀਂ, ਬਾਰ੍ਹਵੀਂ, ਆਈਟੀਆਈ/ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਪਾਸ ਪ੍ਰਾਰਥੀਆਂ ਤੋਂ ਇਲਾਵਾ ਮੁਹਾਲੀ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਜਿਵੇਂ ਯੂ.ਐਸ.ਓ.ਐਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਯੂਨੀਵਰਸਲ ਕਾਲਜ ਲਾਲੜੂ, ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ, ਪੋਸਟ ਗਰੈਜੂਏਟ ਗਰਲਜ਼ ਕਾਲਜ ਸੈਕਟਰ-46, ਚੰਡੀਗੜ੍ਹ, ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਮੁਹਾਲੀ, ਸਰਕਾਰੀ ਕਾਲਜ ਫੇਜ਼-6 ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਪੜ੍ਹੇ ਲਿਖੇ ਨੌਜਵਾਨ ਆਪਣੀ ਕਿਸਮਤ ਅਜ਼ਮਾਉਣ ਲਈ ਪਹੁੰਚੇ। ਰੁਜ਼ਗਾਰ ਮੇਲੇ ਵਿੱਚ 45 ਪ੍ਰਾਰਥੀਆਂ ਨੂੰ ਇੰਟਰਵਿਊ ਮਗਰੋਂ ਸ਼ਾਰਟ ਲਿਸਟ ਕੀਤਾ ਗਿਆ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਰੁਜ਼ਗਾਰ ਮੇਲਾ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਭਵਿੱਖ ਵਿੱਚ ਵੀ ਹਰੇਕ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਵੱਡੇ ਪੱਧਰ ’ਤੇ ਰੁਜ਼ਗਾਰ ਮੇਲੇ/ਪਲੇਸਮੈਂਟ ਕੈਂਪ ਲਗਾਏ ਜਾਇਆ ਕਰਨਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ।
ਮੀਨਾਕਸ਼ੀ ਗੋਇਲ ਨੇ ਕਿਹਾ ਕਿ ਡਾਇਰੈਕਟਰ ਜਨਰਲ ਆਫ਼ ਰੁਜ਼ਗਾਰ ਅਤੇ ਸਿਖਲਾਈ ਭਾਰਤ ਸਰਕਾਰ ਵਲੋਂ ਡੀ.ਬੀ.ਈ.ਈ., ਐਸ.ਏ.ਐਸ. ਨਗਰ ਵਿਖੇ ਮਾਡਲ ਕੈਰੀਅਰ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਵਿਭਾਗ ਵਲੋਂ ਇਸ ਸੈਂਟਰ ਵਿੱਚ ਯੰਗ ਪ੍ਰੋਫੈਸ਼ਨਲ ਦੀ ਨਿਯੁਕਤੀ ਕੀਤੀ ਗਈ ਹੈ। ਡੀ.ਬੀ.ਈ.ਈ. ਵਿੱਚ ਖੁੱਲੇ ਮਾਡਲ ਕੈਰੀਅਰ ਸੈਂਟਰ ਵਲੋਂ ਭਾਰਤ ਸਰਕਾਰ ਵਲੋਂ ਆਯੋਜਿਤ ਕੀਤੇ ਜਾਂਦੇ ਰੋਜ਼ਗਾਰ ਮੇਲਿਆਂ, ਸਵੈ ਰੋਜ਼ਗਾਰ ਕੈਂਪ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਹਿੱਤ ਪ੍ਰਾਰਥੀਆਂ ਦੀ ਮੁਫਤ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ । ਜਿਸ ਉਪਰੰਤ ਪ੍ਰਾਰਥੀ ਨੂੰ ਆਪਣੇ ਮੋਬਾਇਲ ਤੇ ਆਸਾਮੀਆਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ। ਯੰਗ ਪ੍ਰੋਫੈਸ਼ਨਲ ਵਲੋਂ ਭਾਰਤ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਰੋਜ਼ਗਾਰ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਉਪਲਬੱਧ ਕਰਵਾਈ ਜਾਂਦੀ ਹੈ।