ਘਰ-ਘਰ ਰੁਜ਼ਗਾਰ: ਪੰਜਾਬ ਵਿੱਚ ਨੌਕਰੀਆਂ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਮੁਹਾਲੀ ਮੋਹਰੀ

6ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ

ਨੌਕਰੀਆਂ ਦੇ ਪ੍ਰੋਫਾਈਲ ਵਿੱਚ ਉੱਚ-ਪੱਧਰੀ ਪ੍ਰਬੰਧਕੀ ਨੌਕਰੀਆਂ ਤੋਂ ਲੈ ਕੇ ਮੁੱਢਲੇ ਸਹਾਇਕ ਪੱਧਰ ਦੀਆਂ ਨੌਕਰੀਆਂ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਜ਼ਿਲ੍ਹਾ ਮੁਹਾਲੀ ਨੇ ਲਗਾਤਾਰ ਦੂਜੀ ਵਾਰ ਪੰਜਾਬ ਦੀ ਅਗਵਾਈ ਕਰਦਿਆਂ ਅੱਜ ਇੱਥੇ 6ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਇਹ ਦਾਅਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਰੁਜ਼ਗਾਰ ਮੇਲੇ ਦੌਰਾਨ ਵਰਚੂਅਲ ਇੰਟਰਵਿਊ ਦੇ ਨਾਲ-ਨਾਲ ਇੰਪਲਾਈਰ ਦੀ ਸਾਈਟ ਅਤੇ ਜ਼ਿਲ੍ਹਾ ਬਿਊਰੋ ਆਫ਼ ਐਂਪਲਾਇਮੈਂਟ ਐਂਡ ਐਂਟਰਪ੍ਰਾਈਜਿਜ਼ ਵਿਖੇ ਇੰਟਰਵਿਊ ਦਾ ਆਯੋਜਨ ਕਰਕੇ 10 ਹਜ਼ਾਰ 800 ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ।
ਸ੍ਰੀ ਦਿਆਲਨ ਨੇ ਕਿਹਾ ਕਿ ਇਸ ਸਾਲ ਸਰਕਾਰ ਦਾ ਵਿਸ਼ੇਸ਼ ਧਿਆਨ ਬੇਹੱਦ ਗਰੀਬਾਂ ਲਈ ਨੌਕਰੀਆਂ ਮੁਹੱਈਆ ਕਰਵਾਉਣ ਵੱਲ ਸੀ ਅਤੇ ਇਨ੍ਹਾਂ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਲਈ 3000 ਨੌਕਰੀਆਂ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਮੁਹਾਲੀ ਜ਼ਿਲ੍ਹੇ ਦੇ ਹਰ ਪਿੰਡ ਵਿੱਚ 10 ਗਰੀਬ ਪਰਿਵਾਰਾਂ ਦੀ ਪਛਾਣ ਕੀਤੀ ਗਈ ਅਤੇ ਇਨ੍ਹਾਂ ਪਰਿਵਾਰਾਂ ’ਚੋਂ ਨੌਜਵਾਨਾਂ ਦੀ ਕੁਸ਼ਲਤਾ ਅਤੇ ਯੋਗਤਾ ਰੁਜ਼ਗਾਰ ਪੋਰਟਲ ’ਤੇ ਅਪਲੋਡ ਕੀਤੀ ਗਈ। ਖ਼ੁਸ਼ਕਿਸਮਤੀ ਨਾਲ ਇਨ੍ਹਾਂ ਪਰਿਵਾਰਾਂ ਦੇ ਬਹੁਤ ਸਾਰੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਲਈ ਯਤਨ ਜਾਰੀ ਹਨ।
ਪਿਛਲੇ ਸਾਲ 6000 ਨੌਕਰੀਆਂ ਦੇਣ ਦੇ ਟੀਚੇ ਤੋਂ ਵੀ ਵੱਧ ਮੁਹਾਲੀ ਨੇ 13,369 ਨੌਕਰੀਆਂ ਮੁਹੱਈਆ ਕਰਵਾਈਆਂ ਸਨ ਅਤੇ ਇਸ ਸਾਲ ਕਰੋਨਾ ਮਹਾਮਾਰੀ ਦੇ ਬਾਵਜੂਦ ਮਿੱਥੇ ਟੀਚੇ ਤੋਂ ਤਿੰਨ ਗੁਣਾ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਨੌਕਰੀਆਂ ਦੇ ਪ੍ਰੋਫਾਈਲ ਵਿੱਚ ਉੱਚ ਪੱਧਰੀ ਪ੍ਰਬੰਧਕੀ ਨੌਕਰੀਆਂ ਤੋਂ ਲੈ ਕੇ ਮੁੱਢਲੇ ਸਹਾਇਕ ਪੱਧਰ ਦੀਆਂ ਨੌਕਰੀਆਂ ਸ਼ਾਮਲ ਹਨ।
ਇਸ ਮੌਕੇ ਮਨਰੇਗਾ ਵਰਕਰ ਦੇ ਪੁੱਤਰ ਜਸਵਿੰਦਰ ਸਿੰਘ ਮਕੈਨੀਕਲ ਡਿਪਲੋਮਾ ਹੋਲਡਰ ਨੌਕਰੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ, ਲਈ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਅਕਕਸੋ ਨੋਬਲ ਮੁਹਾਲੀ (ਪੇਂਟ ਵਾਲੀ ਕੈਮੀਕਲ ਫੈਕਟਰੀ) ਵਿੱਚ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਨਾਲ ਪਲੇਸਮੈਂਟ ਮਿਲੀ। ਚੰਦਰ ਮੋਹਨ ਨੂੰ ਫਾਇਰ ਐਂਡ ਸੇਫ਼ਟੀ ਦਾ ਡਿਪਲੋਮਾ ਕਰਨ ਉਪਰੰਤ ਇਸੇ ਕੰਪਨੀ ਵਿੱਚ ਹੀ ਨੌਕਰੀ ਮਿਲੀ ਹੈ। ਇੰਜ ਹੀ ਬੀ.ਟੈੱਕ ਪਾਸ ਹਰਸ਼ਦੀਪ ਸਿੰਘ ਨੂੰ ਕੁਇੱਕਲੈਬਜ਼ (ਆਈਟੀ ਕੰਪਨੀ) ਤੋਂ 4.5 ਲੱਖ ਰੁਪਏ ਸਾਲਾਨਾ ਪੈਕੇਜ ’ਤੇ ਨੌਕਰੀ ਮਿਲੀ। ਵਰਿਧੀ ਜੈਵਾਲ ਬੀ.ਟੈੱਕ ਕੰਪਿਊਟਰ ਸਾਇੰਸ ਨੂੰ ਟੈੱਕ ਮਹਿੰਦਰਾ ਵਿੱਚ 3.5 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ ਨੌਕਰੀ ਮਿਲੀ। ਨੌਕਰੀ ਮਿਲਣ ਵਾਲੇ ਉਮੀਦਵਾਰਾਂ ਨੇ ਇਕਸੁਰਤਾ ਵਿੱਚ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …