ਸਿਵਲ ਸਰਜਨ ਵੱਲੋਂ ਕਰੋਨਾ ਸਬੰਧੀ ਨਮੂਨੇ ਲੈਣ ਵਾਲੀਆਂ ਸੈਂਪਲਿੰਗ ਟੀਮਾਂ ਦੀ ਹੌਸਲਾ ਅਫ਼ਜਾਈ

ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ ਵਿੱਚ ਲੱਗੀਆਂ ਹਨ ਸੈਂਪਲਿੰਗ ਟੀਮਾਂ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਅਤੇ ਸਿਵਲ ਹਸਪਤਾਲ ਖਰੜ ਵਿੱਚ ‘ਕਰੋਨਾਵਾਇਰਸ’ ਦੇ ਮਰੀਜ਼ਾਂ ਦੀ ਪਛਾਣ ਕਰਨ ਲਈ ਨਮੂਨੇ ਲੈਣ ਦੇ ਕੰਮ ਵਿੱਚ ਜੁਟੀਆਂ ਵੱਖ-ਵੱਖ ਸੈਂਪਲਿੰਗ ਟੀਮਾਂ ਨਾਲ ਮੁਲਾਕਾਤ ਕਰਕੇ ਇਸ ਮਹਾਮਾਰੀ ਬਾਰੇ ਚਰਚਾ ਕੀਤੀ ਅਤੇ ਸਮੂਹ ਮੈਡੀਕਲ ਟੀਮਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਖ਼ਤਰਨਾਕ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਪਤਾ ਲਗਾਉਣ ਲਈ ਸੈਂਪਲ ਇਕੱਠੇ ਕਰਨਾ ਕਾਫ਼ੀ ਜੋਖ਼ਮ ਭਰਿਆ ਕੰਮ ਹੈ ਪਰ ਸੈਂਪਲਿੰਗ ਟੀਮਾਂ ਪੂਰੀ ਮਿਹਨਤ, ਲਗਨ ਅਤੇ ਹੌਸਲੇ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੀਆਂ ਹਨ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਇਸ ਮਾਰੂ ਬਿਮਾਰੀ ਦੇ ਸਾਹਮਣੇ ਆਉਣ ਤੋਂ ਲੈ ਕੇ ਹੁਣ ਤੱਕ ਸੈਂਪਲ ਲੈਣ ਦਾ ਕੰਮ ਬੇਰੋਕ ਟੋਕ ਜਾਰੀ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ। ਜਿਸ ਲਈ ਸਾਰੀਆਂ ਮੈਡੀਕਲ ਟੀਮਾਂ ਵਧਾਈ ਤੇ ਸ਼ਲਾਘਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ‘ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਮੁੱਢਲਾ ਕੰਮ ਮਰੀਜ਼ਾਂ ਦੀ ਪਛਾਣ ਕਰਨਾ ਹੁੰਦਾ ਹੈ। ਕਰੋਨਾਵਾਇਰਸ ਜਿਹੀ ਜਾਨਲੇਵਾ ਬਿਮਾਰੀ ਦੇ ਸੈਂਪਲ ਲੈਣਾ ਸੌਖਾ ਕੰਮ ਨਹੀਂ ਸੀ ਪ੍ਰੰਤੂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਬਿਨਾਂ ਕਿਸੇ ਡਰ ਭੈਅ ਤੋਂ ਪੂਰੀ ਮਿਹਨਤ ਅਤੇ ਮਨੁੱਖਤਾ ਦੀ ਸੇਵਾ ਭਾਵਨਾ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੇ ਹਨ।’ ਹਾਲਾਂਕਿ ਗਰਮੀ ਦੇ ਇਸ ਮੌਸਮ ਵਿੱਚ ਪੀਪੀਈ ਕਿੱਟ ਪਾਉਣਾ ਕਾਫ਼ੀ ਮੁਸ਼ਕਲ ਜਾਪਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਅਕਸਰ ਜ਼ਿਆਦਾਤਰ ਲੋਕ ਬਹੁਤ ਹਲਕੇ ਤੇ ਸੁੱਤੀ ਕੱਪੜੇ ਪਾਉਂਦੇ ਹਨ ਪ੍ਰੰਤੂ ਪੀੜਤ ਮਰੀਜ਼ਾਂ ਦੀ ਦੇਖਭਾਲ ਅਤੇ ਸੈਂਪਲ ਲੈਣ ਵਾਲੀਆਂ ਟੀਮਾਂ ਖ਼ੁਦ ਨੂੰ ਪੀਪੀਈ ਕਿੱਟਾਂ ਨਾਲ ਖ਼ੁਦ ਨੂੰ ਨੂੜ ਕੇ ਰੱਖਣਾ ਪੈ ਰਿਹਾ ਹੈ।
ਸਰਕਾਰੀ ਹਸਪਤਾਲ ਮੁਹਾਲੀ ਵਿੱਚ ਸੈਂਪਲਿੰਗ ਟੀਮਾਂ ਨੂੰ ਸਲੂਟ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਉਹ ਅੱਜ ਆਪਣੀ ਸਮੁੱਚੀ ਟੀਮ ਵੱਲੋਂ ਮੈਡੀਕਲ ਟੀਮਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਨ ਲਈ ਆਏ ਹਨ ਕਿਉਂਕਿ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ ਵਿੱਚ ਦਿਨ ਰਾਤ ਡਟੀਆਂ ਹੋਈਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਣ ਲਈ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ, ਹਮੇਸ਼ਾ ਹੱਥ ਧੋਣ, ਮਾਸਕ ਪਾਉਣ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਸਮੇਤ ਖਰੜ, ਡੇਰਾਬੱਸੀ, ਲਾਲੜੂ ਅਤੇ ਢਕੋਲੀ ਦੇ ਹਸਪਤਾਲਾਂ ਵਿੱਚ ਸੈਂਪਲ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਸੰਦੀਪ ਸਿੰਘ, ਡਾ. ਈਸ਼ਾ, ਡਾ. ਈਸ਼ਾਨ, ਬਾਇਓਲੋਜਿਸਟ ਦੀਪਕਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸ਼ੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ, ਐਸਐਮਓ ਡਾ. ਤਰਸੇਮ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…