Nabaz-e-punjab.com

ਐਸਟੀਐਫ਼ ਵੱਲੋਂ 180 ਗਰਾਮ ਹੈਰੋਇਨ ਸਣੇ ਇੰਜੀਨੀਅਰ ਗ੍ਰਿਫ਼ਤਾਰ, ਮੁਲਜ਼ਮ ਕੋਲੋਂ 2.20 ਲੱਖ ਡਰੱਗ ਮਨੀ ਬਰਾਮਦ

ਦਿੱਲੀਂ ਤੋਂ ਹੈਰੋਇਨ ਲਿਆ ਕੇ ਮੁਹਾਲੀ, ਖਰੜ ਤੇ ਚੰਡੀਗੜ੍ਹ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਵੇਚਦਾ ਸੀ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਇੰਜੀਨੀਅਰ ਸੰਦੀਪ ਕੁਮਾਰ ਉਰਫ਼ ਸੈਂਡੀ ਵਾਸੀ ਲਾਹੜੀ ਗੁੱਜਰਾ (ਪਠਾਨਕੋਟ) ਨੂੰ 180 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ 2 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਮੁਹਾਲੀ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤਾ ਸੂਚਨਾ ਮਿਲਣ ’ਤੇ ਐਸਟੀਐਫ਼ ਦੇ ਐਸਐਚਓ ਇੰਸਪੈਕਟਰ ਹਰਭਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਸੰਦੀਪ ਕੁਮਾਰ ਨੂੰ ਇੱਥੋਂ ਦੇ ਫੇਜ਼-1 ’ਚੋਂ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ 180 ਗਰਾਮ ਹੈਰੋਇਨ ਅਤੇ 2 ਲੱਖ 20 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਸੰਦੀਪ ਕੁਮਾਰ ਪਿਛਲੇ ਤਿੰਨ ਮਹੀਨੇ ਤੋਂ ਸਥਾਨਕ ਫੇਜ਼-1 ਵਿੱਚ ਰਹਿ ਰਿਹਾ ਹੈ ਅਤੇ ਉਹ ਖ਼ੁਦ ਵੀ ਹੈਰੋਇਨ ਪੀਣ ਦਾ ਆਦੀ ਹੈ। ਉਸ ਨੇ ਪਿਛਲੇ 4 ਕੁ ਮਹੀਨੇ ਪਹਿਲਾਂ ਹੀ ਹੈਰੋਇਨ ਸਪਲਾਈ ਦਾ ਧੰਦਾ ਸ਼ੁਰੂ ਕੀਤਾ ਸੀ। ਮੁਲਜ਼ਮ ਨੇ ਸਾਈਂ ਪੋਲੀਟੈਕਨੀਕਲ ਕਾਲਜ ਬਧਾਣੀ ਤੋਂ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਸਾਲ 2006 ਵਿੱਚ ਮਲਟੀ ਮੀਡੀਆ ਦੀ ਸਟੱਡੀ ਵੀਜ਼ੇ ’ਤੇ ਡੈਨਮਾਰਕ ਚਲਾ ਗਿਆ ਅਤੇ ਉੱਥੇ ਕਰੀਬ ਦੋ ਸਾਲ ਤੱਕ ਰਿਹਾ। ਸਾਲ 2008 ਵਿੱਚ ਉਹ ਪੰਜਾਬ ਵਾਪਸ ਆ ਗਿਆ ਅਤੇ ਕਰੀਬ ਦੋ ਸਾਲ 2010 ਤੱਕ ਪੂਰੀ ਤਰ੍ਹਾਂ ਵਹਿਲੜ ਰਿਹਾ। ਪੁਲੀਸ ਅਨੁਸਾਰ ਇਸ ਮਗਰੋਂ ਸੰਦੀਪ ਕੁਮਾਰ ਨੇ ਸਾਲ 2011 ਵਿੱਚ ਚੰਡੀਗੜ੍ਹ ਆ ਗਿਆ ਅਤੇ ਇੱਥੇ ਉਸ ਨੇ ਬਾਊਂਸਰ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦੌਰਾਨ ਉਸ ਨੇ ਓਬਰ ਕੰਪਨੀ ਵਿੱਚ ਕਾਰ ਡਰਾਈਵਰ ਵਜੋਂ ਨੌਕਰੀ ਕਰ ਲਈ।
ਸ੍ਰੀ ਸੋਹਲ ਨੇ ਦੱਸਿਆ ਕਿ ਸੰਦੀਪ ਕੁਮਾਰ ਸੈਂਡੀ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ। ਉਹ ਦਿੱਲੀਂ ਤੋਂ 1100 ਰੁਪਏ ਪ੍ਰਤੀ ਗਰਾਮ ਹੈਰੋਇਨ ਲਿਆ ਕੇ ਮੁਹਾਲੀ, ਖਰੜ ਅਤੇ ਚੰਡੀਗੜ੍ਹ ਵਿੱਚ ਆਪਣੇ ਪੱਕੇ ਗਾਹਕਾਂ ਨੂੰ 3000 ਤੋਂ 3500 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਹੈਰੋਇਨ ਸਪਲਾਈ ਕਰਦਾ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 11 ਮਾਰਚ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…