ਪੰਜਾਬੀ ਪਤੀ ਵੱਲੋਂ ਅਗਵਾ ਕੀਤੇ ਆਪਣੇ ਪੁੱਤ ਨੂੰ ਲੱਭਦੀ ਹੋਈ ਪੰਜਾਬ ਪੁੱਜੀ ਅੰਗਰੇਜ਼ਣ ਮਾਂ
ਟਰਾਂਟੋ ਦੀ ਨਿਊ ਮਾਰਕੀਟ ਕੋਰਟ ਹਾਊਸ ਚਲ ਰਿਹਾ ਹੈ ਤਲਾਕ ਦਾ ਕੇਸ
ਕੈਨੇਡੀਅਨ ਅਦਾਲਤ ਵੱਲੋਂ ਪੰਜਾਬੀ ਪਤੀ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ
ਨਬਜ਼-ਏ-ਪੰਜਾਬ, ਮੁਹਾਲੀ, 8 ਫਰਵਰੀ:
ਕੈਨੇਡੀਅਨ ਮਾਂ ਕੈਮਿਲਾ ਵਿਲਾਸ ਆਪਣੇ 5 ਸਾਲ ਦੇ ਬੇਟੇ ਦੀ ਭਾਲ ਵਿੱਚ ਪੰਜਾਬ ਪਹੁੰਚ ਗਈ ਹੈ। ਉਸਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਵਿਚਕਾਰ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਮਿਲਾ ਵਿਲਾਸ ਨੇ ਦੱਸਿਆ ਕਿ ਟਰਾਂਟੋ ਦੀ ਨਿਊ ਮਾਰਕੀਟ ਕੋਰਟ ਹਾਊਸ ਨੇ ਉਸ ਦੇ ਪਤੀ ਨੂੰ 8 ਅਗਸਤ 2024 ਨੂੰ ਬੱਚੇ ਵੇਲੈਂਟੀਨੋ ਨਾਲ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਸ ਦਾ ਪਤੀ ਘਰ ਅਤੇ ਕੰਪਨੀ ਵੇਚ ਕੇ ਬੱਚੇ ਨੂੰ ਅਗਵਾ ਕਰਕੇ ਭਾਰਤ ਆ ਗਿਆ।
ਕੈਮਿਲਾ ਨੇ ਦੱਸਿਆ ਕਿ ਉਸ ਦਾ ਪਤੀ ਹੁਣ ਖਰੜ ਵਿੱਚ ਘਰ ਖ਼ਰੀਦ ਕੇ ਰਹਿਣ ਲੱਗ ਪਿਆ ਹੈ ਪਰ ਕੈਨੇਡੀਅਨ ਅਦਾਲਤ ਵੱਲੋਂ 1 ਅਕਤੂਬਰ 2024 ਨੂੰ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਇਸੇ ਦਿਨ ਇੰਟਰਪੋਲ ਨੇ ਬਾਕੀ ਮੁਲਕਾਂ ਨੂੰ ਸੂਚਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਪੰਜਾਬ ਆਣ ਕੇ ਕੈਮਿਲਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਕੈਮਿਲਾ ਦੇ ਵਕੀਲ ਅਭੀਨਵ ਸੂਦ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਦਾ ਪਤੀ ਭਾਰਤ ਵਿੱਚ 90-90 ਦਿਨ ਦੇ ਵਕਫੇ ਨਾਲ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ ਪਰ ਕੈਨੇਡੀਅਨ ਨਾਗਰਿਕ ਬਿਨਾ ਵੀਜ਼ੇ ਤੋਂ ਕਰੀਬ 70 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਦਾਖ਼ਲ ਹੋ ਸਕਦੇ ਹੈ, ਜਿਸ ਨੂੰ ਵੀਜ਼ਾ ਆਨ ਅਰਾਈਵਲ ਕਹਿੰਦੇ ਹਨ। ਐਡਵੋਕੇਟ ਸੂਦ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਹ ਭਾਰਤ ਛੱਡ ਕੇ ਕਿਸੇ ਹੋਰ ਮੁਲਕ ਵਿਚ ਭੱਜ ਸਕਦਾ ਹੈ।
ਪੀੜਤ ਅੰਗਰੇਜ਼ਣ ਨੇ ਦੱਸਿਆ ਕਿ ਉਸਦੇ ਪਤੀ ਦੇ ਪਹਿਲਾਂ ਦੋ ਵਿਆਹ ਭਾਰਤੀ ਕੁੜੀਆਂ ਨਾਲ ਹੋਏ ਸਨ। ਉਹ ਤੀਜੀ ਘਰਵਾਲੀ ਸੀ, ਜਿਸ ਨੂੰ ਉਸਨੇ ਮੈਟਰੀਮੋਨੀਅਲ ਵੈੱਬਸਾਈਟ ਉੱਤੇ ਵਿਆਹ ਦਾ ਪ੍ਰਸਤਾਵ ਭੇਜਿਆ ਸੀ ਅਤੇ ਵਿਆਹ ਕੇ ਕੈਨੇਡਾ ਲੈ ਆਇਆ। ਉਸਨੇ ਆਪਣੇ ਪਤੀ ਨੂੰ ਬੇਰਹਿਮ ਦੱਸਦਿਆਂ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਵੀ ਲਾਇਆ। ਉਸ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਉਹ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕੈਮਿਲਾ ਮੁਤਾਬਕ ਹਾਈ ਕੋਰਟ ਵੱਲੋਂ ਸਰਕਾਰ ਅਤੇ ਉਸ ਦੇ ਪਤੀ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਉਹ ਆਪਣੇ ਵਕੀਲ ਅਭੀਨਵ ਸੂਦ ਨਾਲ ਖਰੜ ਵਿਚ ਡੀਐਸਪੀ ਨੂੰ ਵੀ ਮਿਲੀ ਸੀ ਪਰ ਕਾਰਵਾਈ ਤੋਂ ਪਹਿਲਾਂ ਹੀ ਉਸ ਦਾ ਪਤੀ ਰਿਸ਼ਤੇਦਾਰਾਂ ਕੋਲ ਪਾਣੀਪਤ ਚਲਾ ਗਿਆ। ਉਹ ਪਾਣੀਪਤ ਵੀ ਗਈ ਅਤੇ ਪ੍ਰਸ਼ਾਸਨ ਨੂੰ ਮਿਲੀ। ਬਾਲ ਭਲਾਈ ਕੌਂਸਲ ਅਤੇ ਪੁਲੀਸ ਨੇ ਉਸਦੇ ਪਤੀ ਨੂੰ ਲੱਭ ਕੇ ਹਦਾਇਤ ਕੀਤੀ ਕਿ 17 ਫਰਵਰੀ ਨੂੰ ਉਹ ਕਮੇਟੀ ਨਾਲ ਹਾਈ ਕੋਰਟ ਵਿਚ ਪੇਸ਼ ਹੋਵੇਗਾ। ਉਨ੍ਹਾਂ ਪੁਰਜ਼ੋਰ ਅਪੀਲ ਕੀਤੀ ਕਿ ਉਸ ਦੇ ਪਤੀ ਨੂੰ ਹੁਣ ਹੋਰ ਕਿਸੇ ਮੁਲਕ ਵਿਚ ਭੱਜਣ ਦੀ ਇਜਾਜਤ ਨਾ ਦਿੱਤੀ ਜਾਵੇ।