Nabaz-e-punjab.com

ਵਿਕਾਸ ਕਾਰਜਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ: ਮਨੀਸ਼ ਤਿਵਾੜੀ

ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਵਿਜੀਲੈਂਸ, ਵਿਕਾਸ ਤਾਲਮੇਲ ਤੇ ਮੋਨੀਟਰਿੰਗ ਕਮੇਟੀ ਦੀ ਪਹਿਲੀ ਮੀਟਿੰਗ ਕੀਤੀ

ਆਪ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਸਰਕਾਰੀ ਹਸਪਤਾਲ ਕੁਰਾਲੀ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਸ੍ਰੀ ਆਨੰਦਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਜ਼ਿਲ੍ਹਾ ਵਿਜੀਲੈਂਸ, ਵਿਕਾਸ ਤਾਲਮੇਲ ਤੇ ਮੋਨੀਟਰਿੰਗ ਕਮੇਟੀ ਦੀ ਪਲੇਠੀ ਮੀਟਿੰਗ ਦੌਰਾਨ ਆਪ ਦੇ ਬਾਗੀ ਵਿਧਾਇਕ ਕੰਵਰ ਸੰਧੂ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮਿਲ ਕੇ ਵੱਖ ਵੱਖ ਵਿਭਾਗਾਂ ਖ਼ਾਸ ਕਰਕੇ ਸਮਾਜ ਭਲਾਈ, ਸਿਹਤ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ, ਪੇਂਡੂ ਵਿਕਾਸ ਤੇ ਹੋਰਨਾਂ ਵਿਭਾਗਾਂ ਦੇ ਮੌਜੂਦ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ/ਮੁਲਾਜ਼ਮਾਂ ਨੂੰ ਸਬੰਧਤ ਵਿਕਾਸ ਕਾਰਜਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਅਤੇ ਨਤੀਜਾਮੁਖੀ ਬਣਾਉਣ ਦੇ ਆਦੇਸ਼ ਦਿੱਤੇ। ਵਿਧਾਇਕ ਕੰਵਰ ਸੰਧੂ ਨੇ ਸਰਕਾਰੀ ਹਸਪਤਾਲ ਕੁਰਾਲੀ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੇ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋ ਰਿਹਾ ਹੈ ਅਤੇ ਇਹ ਰੈਫ਼ਰ ਹਸਪਤਾਲ ਬਣ ਕੇ ਰਹਿ ਗਿਆ ਹੈ। ਇਸ ਦੇ ਜਵਾਬ ਵਿੱਚ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੁਰਾਲੀ ਵਿੱਚ 50 ਬਿਸਤਰਿਆਂ ਦਾ ਹਸਪਤਾਲ ਹੈ ਅਤੇ ਇਸ ਨੂੰ ਅਪਗਰੇਡ ਕਰਕੇ ਜਲਦੀ ਹੀ 100 ਬਿਸਤਰਿਆਂ ਦਾ ਕੀਤਾ ਜਾ ਰਿਹਾ ਹੈ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਹੋਣ ਨਾਲ ਮਰੀਜ਼ਾਂ ਦਾ ਪੈਨਲ ਹਸਪਤਾਲਾਂ ਵਿੱਚ ਇਲਾਜ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਤਿਵਾੜੀ ਨੇ ਗੈਰ ਕਾਨੂੰਨੀ ਮਾਈਨਿੰਗ ਬਾਰੇ ਪੁੱਛਦਿਆਂ ਘਰ ਘਰ ਰੁਜ਼ਗਾਰ ਮੁਹਿੰਮ ਦੇ ਤਹਿਤ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਬਾਰੇ ਰਿਪੋਰਟ ਤਲਬ ਕੀਤੀ। ਪ੍ਰਧਾਨ ਮੰਤਰੀ ਸੜਕ ਯੋਜਨਾ, ਆਂਗਨਵਾੜੀ ਸੈਂਟਰਾਂ ਵਿੱਚ ਪੋਸਟਿਕ ਆਹਾਰ, ਘਰੇਲੂ ਗੈਸ ਕੁਨੈਕਸਨ, ਪੀਐਲਪੀਏ ਐਕਟ ਤਹਿਤ ਜੰਗਲਾਤ ਦੀ ਕਿੰਨੀ ਜ਼ਮੀਨ, ਚੈੱਕ ਡੈਮ ਕਿੰਨੇ ਬਣੇ ਹੋਏ ਨੇ ਅਤੇ ਕਿੰਨੇ ਖਸਤਾ ਹਾਲਤ ਹਨ ਸਮੇਤ ਡਿਜੀਟਲ ਜ਼ਮੀਨ ਰਿਕਾਰਡ, ਨਵਾਂ ਗਰਾਓਂ ਵਿੱਚ 24 ਟਿਊਬਵੈਲਾਂ ਦੇ ਬਾਵਜੂਦ ਪਾਣੀ ਸੰਕਟ ਆਦਿ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਨਵਾਂ ਗਰਾਓਂ ਇਲਾਕੇ ਵਿੱਚ ਯੂਟੀ ਫੀਡਰ ਤੋਂ ਬਿਜਲੀ ਸਪਲਾਈ ਲੈਣ ਲਈ ਸੰਭਾਵਨਾਵਾਂ ਤਲਾਸ਼ਣ ’ਤੇ ਜ਼ੋਰ ਦਿੱਤਾ।
ਸੰਸਦ ਮੈਂਬਰ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਦੇਸ਼ ਦਿੱਤੇ ਪੈਨਸ਼ਨਾਂ ਦੇ ਪੈਂਡਿੰਗ ਪਏ ਕੇਸਾਂ ਦਾ ਛੇਤੀ ਨਿਬੇੜਾ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਸਰਕਾਰੀ ਹਸਪਤਾਲ ਕੁਰਾਲੀ ਦੇ ਹੋਰ ਵਿਸਤਾਰ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ। ਉਨ੍ਹਾਂ ਨੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਸ਼ਹਿਰ ਅਤੇ ਪਿੰਡਾਂ ਵਿੱਚ ਪਖਾਨੇ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪਾਰਕਾਂ ਦੇ ਵਿਕਾਸ ਤੇ ਸੜਕਾਂ ਦੀ ਹਾਲਤ ਵਿੱਚ ਸੁਧਾਰ ਤੇ ਹੋਰ ਪ੍ਰਾਜੈਕਟਾਂ ਖਾਸ ਤੌਰ ’ਤੇ ਨਵਾਂ ਗਰਾਓਂ ਇਲਾਕੇ ਵਿੱਚ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਪੰਜਾਬ ਲਾਰਜ਼ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਪਵਨ ਦੀਵਾਨ, ਪੰਜਾਬ ਐਗਰੋ ਇੰਡਸਟਰੀ ਐਂਡ ਐਕਸਪੋਰਟ ਬੋਰਡ ਦੇ ਚੇਅਰਮੈਨ ਦਵਿੰਦਰ ਪਾਲੀ, ਯੂਥ ਕਾਂਗਰਸ ਦੇ ਬੁਲਾਰੇ ਕੰਵਰਵੀਰ ਸਿੰਘ ਸਿੱਧੂ, ਐਸਡੀਐਮ ਜਗਦੀਪ ਸਹਿਗਲ, ਐਸਡੀਐਮ ਖਰੜ ਵਿਨੋਦ ਬਾਂਸਲ, ਐਸਡੀਐਮ ਡੇਰਾਬੱਸੀ ਪੂਜਾ ਗਰੇਵਾਲ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ, ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ, ਜ਼ਿਲ੍ਹਾ ਵਣਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸੁੱਖਸਾਗਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਨ ਸਿੰਘ ਬਠਲਾਣਾ, ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੌਰੀ ਅਤੇ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …