nabaz-e-punjab.com

ਐਮ.ਪੀ ਲੈਂਡ ਵਿੱਚ ਮਿਲਣ ਵਾਲੇ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ: ਚੰਦੂਮਾਜਰਾ

ਅੰਡਰ ਗਰਾਉਂਡ ਗੈਸ ਪਾਈਪਲਾਈਨ ਰਾਹੀਂ ਰਸੋਈ ਗੈਸ ਮਿਲਣ ਕਾਰਨ ਲੋਕਾਂ ਦੀ ਖੱਜਲ ਖੁਆਰੀ ਘੱਟੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਵਿਕਾਸ ਕੁਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਜਲਦੀ ਹੀ ਰਸੋਈ ਵਿੱਚ ਸਿੱਧੇ ਗੈਸ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵਗੀ। ਉਨ੍ਹਾਂ ਕਿਹਾ ਕਿ ਅੰਡਰ ਗਰਾਉਂਡ ਗੈਸ ਪਾਈਪਲਾਈਨ ਰਾਹੀਂ ਰਸੋਈ ਗੈਸ ਮਿਲਣ ਕਾਰਨ ਜਿਥੇ ਲੋਕਾਂ ਦੀ ਖੱਜਲ ਖੁਆਰੀ ਘੱਟੇਗੀ ਉਥੇ ਸਮੇਂ ਅਤੇ ਧੰਨ ਦੀ ਬੱਚਤ ਵੀ ਹੋਵੇਗੀ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਕੇਂਦਰੀ ਪ੍ਰਯੋਜਿਤ ਸਕੀਮਾਂ ਜਿਸ ਵਿਚ ਨੈਸ਼ਨਲ ਹੈਲਥ ਮਿਸ਼ਨ, ਐਮ.ਪੀ.ਲੈਡ ਸਕੀਮ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ, ਸਵੱਛ ਭਾਰਤ ਮਿਸ਼ਨ, ਦੀਨ ਦਿਯਾਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਉਜਵਲ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਮਗਨਰੇਗਾ ਸਰਵ ਸਿੱਖਿਆ ਅਭਿਆਨ, ਅੰਨਤੋਦਿਆ ਸਕੀਮ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੋਕਾਂ ਅੱਗੇ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਜਿਹੜੀਆਂ ਸਕੀਮਾਂ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਲਾਭ ਹੇਠਲੇ ਪੱਧਰ ਤੱਕ ਮਿਲਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਐਮ.ਪੀ.ਲੈਡ ਵਿਚ ਮਿਲਣ ਵਾਲੇ ਫੰਡਾਂ ਦੀ ਸਹੀ ਵਰਤੋਂ ਨੂੰ ਵੀ ਯਕੀਨੀ ਬਣਾਉਣ ਲਈ ਵੀ ਆਖਿਆ। ਉਨ੍ਹਾਂ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਆਖਿਆ ਕਿ ਪਿੰਡਾਂ ਦੇ ਵਿਕਾਸ ਕੰਮ ਮਗਨਰੇਗਾ ਸਕੀਮ ਨਾਲ ਜੋੜ ਕੇ ਕਰਵਾਏ ਜਾਣ ਖਾਸ ਕਰਕੇ ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਅਤੇ ਉਨ੍ਹਾਂ ਦੀ ਸਾਫ ਸਫਾਈ ਦੇ ਨਾਲ ਨਾਲ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਕੰਮ ਵੀ ਮਗਨਰੇਗਾ ਸਕੀਮ ਤਹਿਤ ਕਰਵਾਕੇ ਆਮ ਲੋਕਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਉਨ੍ਹਾਂ ਹੋਰ ਕਿਹਾ ਕਿ ਬਰਸਾਤੀ ਪਾਣੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਤਲਾਬ ਬਣਾਉਣ ਲਈ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ। ਇਸ ਕੰਮ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਨਿਗਰਾਨੀ ਹੇਠ ਇਕ ਕਮੇਟੀ ਦਾ ਗਠਨ ਕਰਨ ਲਈ ਵੀ ਆਖਿਆ।
ਇਸ ਮੌਕੇ ਖਰੜ ਹਲਕੇ ਦੇ ਵਿਧਾਇਕ ਕੰਵਰ ਸੰਧੂ ਨੇ ਪ੍ਰੋ: ਚੰਦੂਮਾਜਰਾ ਤੋਂ ਜਿਲ੍ਹੇ ਦੇ ਕਿਸੇ ਵੀ ਹਸਪਤਾਲ ਲਈ ਮੈਮੋਗਰਾਫੀ ਦੀ ਮਸ਼ੀਨ ਲਈ ਗਰਾਂਟ ਮੁਹੱਈਆ ਕਰਾਉਣ ਦੇ ਨਾਲ ਨਾਲ ਖਰੜ ਹਲਕੇ ਅਤੇ ਜਿਲ੍ਹੇ ਦੇ ਹੋਰ ਪਿੰਡਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਕਜੌਲੀ ਵਾਟਰ ਵਰਕਸ ਰਾਹੀਂ ਕਰਾਉਣ ਦੀ ਮੰਗ ਕੀਤੀ। ਪ੍ਰੋ: ਚੰਦੂਮਾਜਰਾ ਨੇ ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮਾਂ ਤੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾਂ ਵੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਹੋਰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਅਖਿਆ। ਉਨ੍ਹਾਂ ਇਸ ਮੌਕੇ ਜਿਨ੍ਹਾਂ ਵਿਭਾਗਾਂ ਵੱਲੋਂ ਐਮ.ਪੀ. ਲੈਡ ਫੰਡਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਉਨ੍ਹਾਂ ਨੂੰ ਜਲਦੀ ਜਮ੍ਹਾਂ ਕਰਵਾਉਣ ਲਈ ਆਖਿਆ ਤਾਂ ਜੋ ਗਰਾਂਟ ਦੀ ਅਗਲੀ ਕਿਸਤ ਜਾਰੀ ਕਰਨ ਵਿੱਚ ਦੇਰੀ ਨਾ ਹੋਵੇ।
ਪ੍ਰੋ. ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਜਨਧੰਨ ਯੋਜਨਾ, ਰੁਪਏ ਕਾਰਡ ਅਤੇ ਸੁਰੱਖਸ਼ਾ ਬੀਮਾ ਯੋਜਨਾ ਤਹਿਤ ਬਣਾਏ ਗਏ ਲਾਭਪਾਤਰੀਆਂ ਸਬੰਧੀ ਵੀ ਜਾਣਕਾਰੀ ਵੀ ਹਾਸਲ ਕੀਤੀ ਅਤੇ ਇਸ ਦਾ 100 ਫੀਸਦੀ ਟੀਚਾ ਮੁਕਮੰਲ ਕਰਨ ਲਈ ਆਖਿਆ। ਉਨ੍ਹਾਂ ਹੋਰ ਕਿਹਾ ਕਿ ਜਿਲ੍ਹੇ ਦੇ ਹਰੇਕ ਬਲਾਕ ਵਿੱਚ ਵਾਤਾਵਰਣ ਦੀ ਸਵੱਛਤਾ ਲਈ ਰੁੱਖ ਲਗਾਉਣ ਲਈ ਦੋ-ਦੋ ਲੱਖ ਰੁਪਏ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਪ੍ਰਤੀ ਬਲਾਕ ਪੰਜ-ਪੰਜ ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਬੈਂਸ, ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸਦ ਸ੍ਰੀਮਤੀ ਪਰਮਜੀਤ ਕੌਰ ਬਡਾਲੀ, ਐਸ.ਡੀ.ਐਮ ਮੁਹਾਲੀ ਡਾ. ਆਰ.ਪੀ. ਸਿੰਘ, ਐਸ.ਡੀ.ਐਮ ਖਰੜ ਅਮਨਿੰਦਰ ਕੌਰ, ਐਸ.ਡੀ.ਐਮ ਡੇਰਾਬਸੀ ਪਰਮਜੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਗੈਰ ਸਰਕਾਰੀ ਮੈਂਬਰ ਸ੍ਰੀਮਤੀ ਮਨਮੋਹਨ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਡੀ.ਕੇ.ਸਾਲਦੀ, ਏ.ਪੀ.ਓ. ਹਰਿੰਦਰ ਸਿੰਘ, ਸਮੇਤ ਬਲਾਕਾਂ ਦੇ ਸਮੂਹ ਬੀ.ਡੀ.ਪੀ.ਓਜ਼, ਸੀ.ਡੀ.ਪੀ.ਓ ਅਤੇ ਓ.ਐਸ.ਡੀ ਹਰਦੇਵ ਸਿੰਘ ਹਰਪਾਲ ਪੁਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…