ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ

ਸੰਜੀਵ ਵਸ਼ਿਸ਼ਟ ਨੇ ਕਮਾਨ ਸੰਭਾਲੀ, ਮੁਹਾਲੀ ਤੋਂ ਫਿਰੋਜ਼ਪੁਰ ਜਾਵੇਗਾ 30 ਬੱਸਾਂ ਦਾ ਕਾਫ਼ਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਵਿੱਚ ਹੋਣ ਵਾਲੀ ਮਹਾਂ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਵਿਰੁੱਧ ਸਾਲ ਭਰ ਚੱਲੇ ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਮਹਾਂ ਰੈਲੀ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਭਾਜਪਾ ਦੇ ਤਿੰਨ ਮੰਡਲਾਂ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਚੋਣ ਇੰਚਾਰਜ ਧੁੰਮਣ ਸਿੰਘ ਕਿਰਮਿਚ ਅਤੇ ਵਿਧਾਨ ਸਭਾ ਹਲਕਾ ਮੁਹਾਲੀ ਦੇ ਇੰਚਾਰਜ ਦੀਪਕ ਸ਼ਰਮਾ ਤੇ ਲਾਡੀ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਹਾਲੀ ਹਲਕੇ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਰੈਲੀ ਵਿੱਚ ਲੈ ਕੇ ਜਾਣ ਲਈ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਸੰਜੀਵ ਵਸ਼ਿਸ਼ਟ ਨੂੰ ਇੰਚਾਰਜ ਥਾਪਿਆ ਗਿਆ।
ਮੀਟਿੰਗ ਦੌਰਾਨ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਮੁਹਾਲੀ ਤੋਂ 30 ਬੱਸਾਂ ਦਾ ਵੱਡਾ ਕਾਫ਼ਲਾ ਸ਼ਾਮਲ ਹੋਣ ਲਈ ਜਾਵੇਗਾ। ਤਿੰਨਾਂ ਮੰਡਲਾਂ ਦੇ ਪ੍ਰਧਾਨਾਂ ਅਤੇ ਵਰਕਰਾਂ ਨੂੰ ਰੈਲੀ ਲਈ ਲਾਮਬੰਦ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ ਦੇ ਹਰ ਬੂਥ ਤੋਂ ਪਾਰਟੀ ਵਰਕਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜ ਜਨਵਰੀ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਦੀ ਰੈਲੀ ਇਤਿਹਾਸਕ ਹੋਵੇਗੀ। ਮੀਟਿੰਗ ਵਿੱਚ ਜਨਰਲ ਸਕੱਤਰ ਜੱਗੀ ਅੌਜਲਾ, ਸੀਨੀਅਰ ਆਗੂ ਅਰੁਣ ਸ਼ਰਮਾ, ਰਮੇਸ਼ ਵਰਮਾ, ਅਸ਼ੋਕ ਝਾਅ, ਅਨਿਲ ਕੁਮਾਰ ਗੁੱਡੂ, ਜਸਵਿੰਦਰ ਸਿੰਘ, ਰਾਖੀ ਪਾਠਕ, ਸੰਜੀਵ ਜੋਸ਼ੀ, ਰਵਿੰਦਰ ਵੈਸ਼ਨਵ, ਸੋਹਣ ਸਿੰਘ, ਰੂਪ ਰਾਣਾ, ਰਮਨ ਸ਼ੈਲੀ, ਵਿਵੇਕ ਕ੍ਰਿਸ਼ਨ ਜੋਸ਼ੀ ਮੌਜੂਦ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…