
ਵਾਤਾਵਰਨ ਦੀ ਸੰਭਾਲ: ਡੀਸੀ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਹੋਕਾ
ਪਿੰਡ ਦਾਊਂ ਮਾਜਰਾ ਵਿੱਚ ਪਸ਼ੂ ਮੰਡੀ ਨੇੜੇ 10 ਏਕੜ ਵਿੱਚ ਕੀਤਾ ਜਾਵੇਗਾ ਪਰਾਲੀ ਦੇ ਰੱਖ-ਰਖਾਓ ਦਾ ਪ੍ਰਬੰਧ
ਨਬਜ਼-ਏ-ਪੰਜਾਬ, ਮੁਹਾਲੀ, 6 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਖੇਤੀਬਾੜੀ, ਸਹਿਕਾਰਤਾ, ਪ੍ਰਦੂਸ਼ਣ ਰੋਕਥਾਮ, ਜ਼ਿਲ੍ਹਾ ਫੂਡ ਤੇ ਸਪਲਾਈ, ਪੰਚਾਇਤ ਵਿਭਾਗ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਸਾਲ 2023 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਏਡੀਸੀ (ਵਿਕਾਸ) ਮਿਸ ਗੀਤਿਕਾ ਸਿੰਘ ਅਤੇ ਸਮੂਹ ਉਪ ਮੰਡਲ ਮੈਜਿਸਟਰੇਟਾਂ (ਐਸਡੀਐਮਜ਼) ਦੀ ਮੌਜੂਦਗੀ ਵਿੱਚ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਲਈ ਅਹਿਮ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਅਧੀਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਕਿਸਾਨਾਂ, ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ 100 ਸਰਫੇਸ ਸੀਡਰ ਮਸ਼ੀਨਾਂ, 50 ਤੋਂ 80 ਫੀਸਦੀ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਹਨ।
ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ‘ਕਰੋਪ ਰੈਜੀਡਿਊ ਮੈਨੇਜਮੈਂਟ ਸਕੀਮ’ ਅਧੀਨ ਇਹ ਮਸ਼ੀਨਾਂ ਆਨਲਾਈਨ ਅਪਲਾਈ ਕਰਨ ਲਈ ਸਰਕਾਰ ਵੱਲੋਂ 10 ਸਤੰਬਰ ਤੱਕ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਂਦੇ ਹੋਏ ਵੱਧ ਤੋਂ ਵੱਧ ਮਸ਼ੀਨਾਂ ਦੀ ਖ਼ਰੀਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਮੀਟਿੰਗ ਵਿੱਚ ਭਾਗ ਲੈ ਰਹੇ ਬੇਲਰ ਮਾਲਕਾਂ ਦੀ ਮੰਗ ’ਤੇ ਡੀਡੀਪੀਓ ਨੂੰ ਨੇ ਆਦੇਸ਼ ਦਿੱਤੇ ਕਿ ਪਿੰਡ ਦਾਊਂ ਮਾਜਰਾ ਵਿਖੇ ਪਸ਼ੂ ਮੰਡੀ ਨੇੜੇ 10 ਏਕੜ ਜ਼ਮੀਨ ਦਾ ਪਰਾਲੀ ਦੇ ਰੱਖ-ਰਖਾਓ ਲਈ ਪ੍ਰਬੰਧ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਪਰਾਲੀ ਦੀਆਂ ਗੰਢਾਂ ਦੀ ਢੋਆ-ਢੁਆਈ ਦੌਰਾਨ ਬੇਲਰ ਮਾਲਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਡੀਸੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਰਾਲੀ ਦੀ ਵਰਤੋਂ ਕਰਨ ਵਾਲੀਆਂ ਫਰਮਾਂ ਨਾਲ ਤਾਲਮੇਲ ਕਰਕੇ ਪਰਾਲੀ ਦੀ ਖਰੀਦ ਅਤੇ ਸਟੋਰਜ ਲਈ ਯੋਗ ਪ੍ਰਬੰਧ ਯਕੀਨੀ ਬਣਾਏ ਜਾਣ। ਮੀਟਿੰਗ ਵਿੱਚ ਵੱਖ-ਵੱਖ ਬੇਲਰ ਮਾਲਕਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਵੱਧ ਤੋਂ ਵੱਧ ਪਰਾਲੀ ਦੀਆਂ ਗੰਢਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਵਾਤਾਵਰਨ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।