nabaz-e-punjab.com

ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸੀਚੇਵਾਲ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਵਿਸ਼ੇਸ਼ ਮੁਲਾਕਾਤ

ਬਾਬਾ ਸੀਚੇਵਾਲ ਦੇ ਮਾਡਲ ਨਾਲ ਪੰਜਾਬ ਵਿੱਚ ਬੰਦ ਪਏ 65 ਐਸ.ਟੀ.ਪੀਜ ਚਲਾਵਾਂਗੇ: ਸਿੱਧੂ

ਸੀਵਰੇਜ ਦੇ ਪਾਣੀ ਨੂੰ ਖੇਤਾਂ ਵਿੱਚ ਸਿੰਜਾਈਯੋਗ ਬਣਾਉਣਾ ਮੁੱਖ ਉਦੇਸ਼, ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰਾਜੈਕਟ ਬਾਰੇ ਕੀਤੀ ਚਰਚਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਗਸਤ:
ਪੰਜਾਬ ਵਿੱਚ ਬੰਦ ਪਏ ਸੀਵਰੇਜ ਟਰੀਮੈਂਟ ਪਲਾਂਟਾਂ ਨੂੰ ਚਲਾਉਣ ਅਤੇ ਸੀਵਰੇਜ ਦੇ ਪਾਣੀ ਨੂੰ ਖੇਤਾਂ ਵਿੱਚ ਸਿੰਜਾਈਯੋਗ ਬਣਾਉਣ ਦੇ ਉਦੇਸ਼ ਤਹਿਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਵਿਸ਼ੇਸ਼ ਸੱਦੇ ’ਤੇ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ ਅੱਜ ਇੱਥੇ ਸਥਿਤ ਪੰਜਾਬ ਮਿਊਸਪਲ ਭਵਨ ਵਿਖੇ ਸ. ਨਵਜੋਤ ਸਿੰਘ ਸਿੱਧੂ ਨੂੰ ਮਿਲੇ। ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਵਿਭਾਗ ਦੇ ਸਲਾਹਕਾਰ ਡਾ. ਅਮਰ ਸਿੰਘ, ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਤੇ ਡਾਇਰੈਕਟਰ ਸੀ੍ਰ ਕੇ.ਕੇ. ਯਾਦਵ ਵੀ ਹਾਜਰ ਸਨ। ਇਸ ਮੀਟਿੰਗ ਦੌਰਾਨ ਸ. ਸਿੱਧੂ ਨੇ ਬਾਬਾ ਸੀਚੇਵਾਲ ਨਾਲ ਵਿਚਾਰਾਂ ਕਰਦਿਆਂ ਇੱਛਾ ਜ਼ਾਹਰ ਕੀਤੀ ਕਿ ਜਿਵੇਂ ਬਾਬਾ ਸੀਚੇਵਾਲ ਵੱਲੋਂ ਦਸੂਹਾ ਵਿਖੇ ਸਿਰਫ 12 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਅਤੇ ਪਾਣੀ ਨੂੰ ਟਰੀਟ ਕਰਕੇ ਸਿੰਜਾਈ ਲਈ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ, ਉਸੇ ਤਰਜ਼ ’ਤੇ ਪੰਜਾਬ ਵਿੱਚ ਬੰਦ ਪਏ 65 ਸੀਵਰੇਜ ਟਰੀਟਮੈਂਟ ਪਲਾਂਟ ਚਲਾਏ ਜਾਣ।
ਸ੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਵਿੱਚ ਸੀਵਰੇਜ ਦੇ ਪਾਣੀ ਨੂੰ ਵੀ ਸਿੰਜਾਈਯੋਗ ਬਣਾਉਣ ਦੀ ਲੋੜ ਹੈ। ਬਾਬਾ ਸੀਚੇਵਾਲ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 65 ਸੀਵਰੇਜ ਟਰੀਟਮੈਂਟ ਪਲਾਂਟ ਇਸ ਵੇਲੇ ਬੰਦੇ ਪਏ ਹਨ ਅਤੇ ਅੱਜ ਦੇ ਸਮੇਂ ਇਨ੍ਹਾਂ ਦੀ 1300 ਕਰੋੜ ਰੁਪਏ ਲਾਗਤ ਬਣਦੀ ਹੈ ਜਿਨ੍ਹਾਂ ਨੂੰ ਚਲਾਉਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਵਿਭਾਗ ਇਨ੍ਹਾਂ ਨੂੰ ਚਲਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਬਾਬਾ ਸੀਚੇਵਾਲ ਨੇ ਸ੍ਰੀ ਸਿੱਧੂ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਕੀਰਤਪੁਰ ਸਾਹਿਬ ਵਿਖੇ ਸੀਵਰੇਜ ਦਾ ਪਾਣੀ ਉਥੇ ਪਵਿੱਤਰ ਪਾਣੀ ਵਿੱਚ ਰਲ ਰਿਹਾ ਹੈ ਜਿਸ ਨੂੰ ਤੁਰੰਤ ਬੰਦ ਕਰਨ ਦੀ ਲੋੜ ਹੈ।
ਸ੍ਰੀ ਸਿੱਧੂ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਉਦੇਸ਼ ਤਹਿਤਬਾਬਾ ਸੀਚੇਵਾਲ ਨੂੰ ਨਾਲ ਲੈ ਕੇ 5 ਅਗਸਤ ਨੂੰ ਕੀਰਤਪੁਰ ਸਾਹਿਬ ਦਾ ਦੌਰਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਣੀ ਤੁਰੰਤ ਬੰਦ ਕੀਤਾ ਜਾਵੇਗਾ ਅਤੇ ਉਸ ਥਾਂ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ ਸਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਜਗ੍ਹਾਂ ਦੇਣ ਦੀ ਗੱਲ ਕੀਤੀ ਜਾਵੇਗੀ। ਕੀਰਤਪੁਰ ਸਾਹਿਬ ਦੇ ਦੌਰੇ ਮੌਕੇ ਸਬੰਧਤ ਡਿਪਟੀ ਕਮਿਸ਼ਨਰ ਅਤੇ ਸਿੰਜਾਈ ਵਿਭਾਗ ਦੇ ਅਧਿਕਾਰੀ ਵੀ ਬੁਲਾਏ ਜਾਣਗੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਬਾਬਾ ਸੀਚੇਵਾਲ ਨੂੰ ਦੱਸਿਆ ਕਿ ਸਾਲ 2019 ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ 550ਵੀਂ ਵਰ੍ਹੇਗੰਢ ਆ ਰਹੀ ਹੈ ਜਿਸ ਨੂੰ ਵੱਡੇ ਪੱਧਰ ’ਤੇ ਮਨਾਉਣ ਅਤੇ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਲਈ ਮੁੱਖ ਮੰਤਰੀ ਸਾਹਿਬ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਇਸ ਲਈ ਕਮੇਟੀ ਵੀ ਬਣਾਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ 5 ਅਗਸਤ ਨੂੰ ਉਹ ਸੁਲਤਾਨਪੁਰ ਲੋਧੀ ਦਾ ਵੀ ਦੌਰਾ ਕਰਨਗੇ ਅਤੇ ਜਿਹੜੇ ਕੰਮ ਕਰਵਾਉਣ ਵਾਲੇ ਹੋਣਗੇ, ਉਨ੍ਹਾਂ ਦੀ ਰਿਪੋਰਟ ਮੁੱਖ ਮੰਤਰੀ ਜੀ ਨੂੰ ਸੌਂਪਣਗੇ। ਇਸ ਮੌਕੇ ਸ. ਸਿੱਧੂ ਨੇ ਬੁੱਢੇ ਨਾਲੇ ਦੀ ਸਫਾਈ ਦੇ ਪ੍ਰਾਜੈਕਟ ਬਾਰੇ ਵੀ ਬਾਬਾ ਸੀਚੇਵਾਲ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਪਲਾਜਮਾ ਤਕਨਾਲੋਜੀ ਨਾਲ ਪਰੂਫ ਆਫ਼ ਕਨਸੈਪਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਬਾਬਾ ਸੀਚੇਵਾਲ ਕੋਲੋਂ ਇਹ ਵੀ ਮੰਗ ਰੱਖੀ ਕਿ ਉਹ ਬੁੱਢੇ ਨਾਲੇ ਦੀ ਸਫਾਈ ਦੇ ਪ੍ਰਾਜੈਕਟ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਕਰਨ। ਬਾਬਾ ਸੀਚੇਵਾਲ ਦੀ ਇਹ ਮੀਟਿੰਗ ਨੂੰ ਬਹੁਤ ਉਦੇਸ਼ਪੂਰਨ ਰਹੀ ਹੈ ਅਤੇ ਉਹ ਸ੍ਰੀ ਸਿੱਧੂ ਵੱਲੋਂ ਚੁੱਕੇ ਜਾ ਰਹੇ ਉਪਰਾਲਿਆਂ ਲਈ ਪੂਰਨ ਸਹਿਯੋਗ ਦੇਣਗੇ।

Load More Related Articles

Check Also

Yudh Nashian Virudh: Illegal house of notorious drug smuggler demolished in Batala’s Qadian village

Yudh Nashian Virudh: Illegal house of notorious drug smuggler demolished in Batala’s…