
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵਿਸ਼ੇਸ਼ ਕੈਂਪਾਂ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਡਾ. ਐਸ ਕਰੁਨਾ ਰਾਜੂ ਦੇ ਹੁਕਮਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਹਰਬੰਸ ਸਿੰਘ ਵੱਲੋਂ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਵੱਖ-ਵੱਖ ਵਿਸ਼ੇਸ਼ ਕੈਂਪਾਂ ਦਾ ਤੂਫ਼ਾਨੀ ਦੌਰਾ ਕਰਕੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ। ਇੰਜ ਹੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਖਰੜ ਅਵੀਕੇਸ਼ ਗੁਪਤਾ ਨੇ ਖਰੜ ਹਲਕੇ ਵਿੱਚ ਅਤੇ ਡਰਾਬੱਸੀ ਦੇ ਤਹਿਸੀਲਦਾਰ ਵੱਲੋਂ ਡੇਰਾਬੱਸੀ ਹਲਕੇ ਅੰਦਰ ਵਿਸ਼ੇਸ਼ ਕੈਂਪਾਂ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ।
ਚੋਣਕਾਰ ਰਜਿਸਟਰੇਸ਼ਨ ਅਫ਼ਸਰ ਮੁਹਾਲੀ ਹਰਬੰਸ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਵੋਟਰਾਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਹੋ ਰਹੀ ਹੈ ਅਤੇ ਜਿਨ੍ਹਾਂ ਦੀ ਹਾਲੇ ਤੱਕ ਵੋਟ ਨਹੀਂ ਬਣੀ ਹੈ, ਉਹ ਫਾਰਮ ਨੰਬਰ-6 ਰਾਹੀਂ ਆਪਣੀ ਵੋਟ ਬਣਵਾ ਸਕਦੇ ਹਨ। ਇਸ ਦੇ ਨਾਲ ਹੀ ਵੋਟ ਕਟਾਉਣ ਲਈ ਫਾਰਮ ਨੰਬਰ-7 ਭਰਿਆ ਜਾਵੇ, ਵੋਟਰ ਕਾਰਡ ਵਿੱਚ ਲੋੜੀਂਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਅਤੇ ਵਿਧਾਨ ਸਭਾ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰਬਰ-8-ਓ, ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline 1pp ’ਤੇ Online ਫਾਰਮ ਭਰੇ ਜਾ ਸਕਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਇਹ ਫਾਰਮ 30 ਨਵੰਬਰ 2021 ਤੱਕ ਭਰੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਅਗਲੇ ਦੋ ਰੋਜ਼ਾ ਵਿਸ਼ੇਸ਼ ਕੈਂਪ 20 ਨਵੰਬਰ ਅਤੇ 21 ਨਵੰਬਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿਤੀਆਂ ਨੂੰ ਬੀਐਲਓ ਆਪੋ-ਆਪਣੇ ਪੋਲਿੰਗ ਬੂਥਾਂ ’ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ।