Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਬਲਬੀਰ ਸਿੱਧੂ ਦੇ ਸ਼ਹਿਰ ਦਾ ਈਐਸਆਈ ਜ਼ੋਨਲ ਹਸਪਤਾਲ ਖ਼ੁਦ ਬਿਮਾਰ ਫੈਕਟਰੀ ਵਿੱਚ ਡਿਊਟੀ ਦੌਰਾਨ ਅੌਰਤ ਦਾ ਸਿਰ ਮਸ਼ੀਨ ’ਚ ਆਇਆ, ਖੋਪੜੀ ਦੋ-ਫਾੜ ਈਐਸਆਈ ਹਸਪਤਾਲ ’ਚ ਨਹੀਂ ਹੋਇਆ ਇਲਾਜ, ਘੰਟਾ ਨਹੀਂ ਮਿਲੀ ਐਂਬੂਲੈਂਸ, ਪ੍ਰਾਈਵੇਟ ਹਸਪਤਾਲ ਨੇ ਬਚਾਈ ਜਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੱਦੀ ਸ਼ਹਿਰ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਕਾਫ਼ੀ ਮਾੜੀ ਹੈ। ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐਸਆਈ ਜ਼ੋਨਲ ਹਸਪਤਾਲ ਸਿਹਤ ਸਹੂਲਤਾਂ ਦੀ ਅਣਹੋਂਦ ਕਾਰਨ ਖ਼ੁਦ ਹੀ ਬਿਮਾਰ ਹੈ। ਹਸਪਤਾਲ ਦੇ ਬਾਹਰ ਚਾਰ ਸਾਲ ਤੋਂ ਖਸਤਾ ਹਾਲਤ ਵਿੱਚ ਖੜੀ ਐਂਬੂਲੈਂਸ ਸਰਕਾਰ ਦਾ ਮੂੰਹ ਚਿੜਾ ਰਹੀ ਹੈ। ਬੀਤੇ ਦਿਨੀਂ ਫੈਕਟਰੀ ਵਿੱਚ ਡਿਊਟੀ ਦੌਰਾਨ ਇਕ ਅੌਰਤ ਸੰਜੂ ਦੇਵੀ (35) ਵਾਸੀ ਬਲੌਂਗੀ ਦਾ ਸਿਰ ਮਸ਼ੀਨ ਵਿੱਚ ਆਉਣ ਕਾਰਨ ਉਸ ਦੀ ਖੋਪੜੀ ਦੋਫਾੜ ਹੋ ਗਈ। ਜ਼ਖ਼ਮੀ ਅੌਰਤ ਨੂੰ ਤੁਰੰਤ ਨੇੜੇ ਹੀ ਈਐਸਆਈ ਹਸਪਤਾਲ ਵਿੱਚ ਲਿਆਂਦਾ ਗਿਆ ਲੇਕਿਨ ਉੱਥੇ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਡਾਕਟਰ ਇਲਾਜ ਨਹੀਂ ਕਰ ਸਕੇ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਮਿਸ਼ਨਰ ਡਾ. ਅਮਨ ਹਸਤੀਰ ਦੇ ਦਖ਼ਲ ਕਾਰਨ ਇੰਡਸ ਹਸਪਤਾਲ ਫੇਜ਼-1 ਵਿੱਚ ਰੈਫਰ ਕੀਤਾ ਗਿਆ ਲੇਕਿਨ ਹਸਪਤਾਲ ਦੀ ਐਂਬੂਲੈਂਸ ਕਿਸੇ ਹੋਰ ਮਰੀਜ਼ ਨੂੰ ਲੈਣ ਛੱਡਣ ਲਈ ਹੋਣ ਕਾਰਨ ਪੀੜਤ ਅੌਰਤ ਲਗਭਗ ਪੌਣਾ ਘੰਟਾ ਤੜਫ਼ਦੀ ਰਹੀ। ਕਿਉਂਕਿ ਈਐਸਆਈ ਦੀ ਐਂਬੂਲੈਂਸ ਕੰਡਮ ਖੜੀ ਹੈ। ਕਰੀਬ 50 ਮਿੰਟਾਂ ਬਾਅਦ ਐਂਬੂਲੈਂਸ ਪਹੁੰਚੀ ਅਤੇ ਪੀੜਤ ਅੌਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਖੋਪੜੀ ਅਤੇ ਵਾਲ ਜੋੜਨ ਲਈ ਛੇ ਘੰਟੇ ਅਪਰੇਸ਼ਨ ਚੱਲਿਆ। ਬਾਅਦ ਵਿੱਚ ਉਸ ਨੂੰ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ। ਡਾਕਟਰਾਂ ਅਨੁਸਾਰ ਅੌਰਤ ਦੀ ਹਾਲਤ ਕਾਫੀ ਗੰਭੀਰ ਹੈ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਸਾਬਕਾ ਕੌਂਸਲਰ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਸਾਲ 2016 ਵਿੱਚ ਐਂਬੂਲੈਂਸ ਨੂੰ ਚਲਾਉਣ ਵਾਲਾ ਡਰਾਈਵਰ ਸੇਵਾਮੁਕਤ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਸਰਕਾਰ ਜਾਂ ਸਿਹਤ ਵਿਭਾਗ ਨੇ ਹਸਪਤਾਲ ਨੂੰ ਕੋਈ ਡਰਾਈਵਰ ਨਹੀਂ ਦਿੱਤਾ। ਜਿਸ ਕਾਰਨ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਹੁਣ ਬੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ। ਐਂਬੂਲੈਂਸ ਦੇ ਟਾਈਰ ਤੱਕ ਗਲ ਗਏ ਹਨ ਅਤੇ ਸ਼ੀਸ਼ੇ, ਬਾਰੀਆਂ ਅਤੇ ਸੀਟਾਂ ਵੀ ਖ਼ਰਾਬ ਹੋ ਗਈਆਂ ਹਨ। ਹਸਪਤਾਲ ਵਿੱਚ ਅਲਟਰਾਸਾਉਂਡ ਮਸ਼ੀਨ ਤਾਂ ਹੈ ਪਰ ਉਸ ਨੂੰ ਅਪਰੇਟ ਕਰਨ ਵਾਲਾ ਕੋਈ ਨਹੀਂ ਹੈ। ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਸਕਿਉਰਿਟੀ ਗਾਰਡ ਅਤੇ ਚੌਕੀਦਾਰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਕੋਲ ਹੋਰਨਾਂ ਸ਼ਹਿਰਾਂ ਲਈ ਐਂਬੂਲੈਂਸ ਹਨ ਪਰ ਈਐਸਆਈ ਹਸਪਤਾਲ ਵੱਲ ਬਿਲਕੁਲ ਧਿਆਨ ਨਹੀਂ ਹੈ। (ਬਾਕਸ ਆਈਟਮ) ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫੈਕਟਰੀ ਵਿੱਚ ਵਾਪਰੇ ਹਾਦਸੇ ਤੋਂ ਅਨਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਇਸ ਬਾਰੇ ਪਤਾ ਲਗਾਉਣਗੇ ਅਤੇ ਈਐਸਆਈ ਹਸਪਤਾਲ ਵਿੱਚ ਕਰਮਚਾਰੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਵਿੱਚ ਅੱਜ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 5 ਐਡਵਾਂਸ ਲਾਈਫ਼ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ ਅਤੇ ਸਰਕਾਰ ਨੇ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਐਂਬੂਲੈਂਸ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਐਮਰਜੈਂਸੀ ਐਂਬੂਲੈਂਸਾਂ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟ ਦੇ ਅੰਦਰ ਅੰਦਰ ਮੌਕੇ ’ਤੇ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ