Nabaz-e-punjab.com

ਮੁਹਾਲੀ ਦਾ ਈਐਸਆਈ ਜ਼ੋਨਲ ਹਸਪਤਾਲ ਖ਼ੁਦ ਬਿਮਾਰ

ਅਕਾਲੀ ਕੌਂਸਲਰ ਧਨੋਆ ਤੇ ਵਕੀਲ ਜਸਬੀਰ ਸਿੰਘ ਦੀ ਚੈਕਿੰਗ ਦੌਰਾਨ ਮਿਲੀਆਂ ਖ਼ਾਮੀਆਂ

ਹਸਪਤਾਲ ਦੇ ਰਿਕਾਰਡ ’ਚ 18 ਮਰੀਜ਼ਾਂ ਦੇ ਦਾਖ਼ਲ ਹੋਣ ਦਾ ਵੇਰਵਾ ਦਰਜ, ਵਾਰਡ ’ਚ ਮਿਲੇ ਸਿਰਫ਼ ਚਾਰ ਮਰੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੱਦੀ ਸ਼ਹਿਰ ਵਿੱਚ ਸਿਹਤ ਸੇਵਾਵਾਂ ਦਾ ਕਾਫੀ ਬੁਰਾ ਹਾਲ ਹੈ। ਮੁਹਾਲੀ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਦੇ ਚੱਕਰ ਵਿੱਚ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਬਾਹਰੋਂ ਕਾਰਖਾਨਾ ਨਜ਼ਰ ਆਉਂਦਾ ਹੈ ਜਦੋਂਕਿ ਕਾਲਜ ਦੀ ਉਸਾਰੀ ਤੋਂ ਪਹਿਲਾਂ ਇਸ ਦੀ ਹਾਲਤ ਕਾਫੀ ਚੰਗੀ ਸੀ। ਉਧਰ, ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐਸਆਈ ਜ਼ੋਨਲ ਹਸਪਤਾਲ ਖ਼ੁਦ ਬਿਮਾਰ ਪਿਆ ਹੈ। ਹਾਲਾਂਕਿ ਇਸ ਹਸਪਤਾਲ ’ਚ ਪਹਿਲਾਂ ਨਾਲੋਂ ਕੁਝ ਹੱਦ ਤੱਕ ਸੁਧਾਰ ਆਇਆ ਹੈ। ਬੁੱਧਵਾਰ ਨੂੰ ਸਵੇਰ ਵੇਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਗੇ ਪ੍ਰਬੰਧਾਂ ਲਈ ਡਾਕਟਰਾਂ ਨੂੰ ਸ਼ਾਬਾਸ਼ ਦਿੱਤੀ ਸੀ ਪ੍ਰੰਤੂ ਦੇਰ ਰਾਤ ਜਦੋਂ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਵਕੀਲ ਜਸਬੀਰ ਸਿੰਘ ਨੇ ਅਚਨਚੇਤ ਚੈਕਿੰਗ ਕੀਤੀ ਤਾਂ ਈਐਸਆਈ ਹਸਪਤਾਲ ’ਚ ਕਾਫੀ ਖ਼ਾਮੀਆਂ ਮਿਲੀਆਂ। ਹਸਪਤਾਲ ਦੇ ਬਾਹਰ ਚਾਰ ਸਾਲ ਤੋਂ ਖਸਤਾ ਹਾਲਤ ਵਿੱਚ ਖੜੀ ਐਂਬੂਲੈਂਸ ਸਰਕਾਰ ਦਾ ਮੂੰਹ ਚਿੜਾ ਰਹੀ ਹੈ।
ਜਾਣਕਾਰੀ ਅਨੁਸਾਰ ਸਾਲ 2016 ਵਿੱਚ ਐਂਬੂਲੈਂਸ ਨੂੰ ਚਲਾਉਣ ਵਾਲਾ ਡਰਾਈਵਰ ਸੇਵਾਮੁਕਤ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਸਰਕਾਰ ਜਾਂ ਸਿਹਤ ਵਿਭਾਗ ਨੇ ਹਸਪਤਾਲ ਨੂੰ ਕੋਈ ਡਰਾਈਵਰ ਨਹੀਂ ਦਿੱਤਾ। ਜਿਸ ਕਾਰਨ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਹੁਣ ਬੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ। ਐਂਬੂਲੈਂਸ ਦੇ ਟਾਈਰ ਤੱਕ ਗਲ ਗਏ ਹਨ ਅਤੇ ਸ਼ੀਸ਼ੇ, ਬਾਰੀਆਂ ਅਤੇ ਸੀਟਾਂ ਵੀ ਖ਼ਰਾਬ ਹੋ ਗਈਆਂ ਹਨ। ਹਸਪਤਾਲ ਵਿੱਚ ਅਲਟਰਾਸਾਉਂਡ ਮਸ਼ੀਨ ਤਾਂ ਹੈ ਪਰ ਉਸ ਨੂੰ ਅਪਰੇਟ ਕਰਨ ਵਾਲਾ ਕੋਈ ਨਹੀਂ ਹੈ। ਇੰਝ ਹੀ ਬੱਚਿਆਂ ਦਾ ਡਾਕਟਰ ਵੀ ਨਹੀਂ ਹੈ ਜਦੋਂਕਿ ਅੱਖਾਂ ਦਾ ਡਾਕਟਰ ਏਮਜ਼ ਹਸਪਤਾਲ ’ਚੋਂ ਆਉਂਦਾ ਹੈ। ਪੀਣ ਵਾਲੇ ਪਾਣੀ ਦੀ ਵੀ ਭਾਰੀ ਕਿੱਲਤ ਹੈ।
ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਰਾਤੀ ਚੈਕਿੰਗ ਦੌਰਾਨ ਹਸਪਤਾਲ ਵਿੱਚ ਡਿਊਟੀ ਡਾਕਟਰ ਸੀਟ ਤੋਂ ਗਾਇਬ ਸੀ। ਦਿਨ ਵਾਲੀ ਡਾਕਟਰ ਆਪਣੀ ਸਿਫ਼ਟ ਪੂਰੀ ਹੋਣ ਤੋਂ ਪਹਿਲਾਂ ਹੀ ਖਿਸਕ ਗਈ ਸੀ ਜਦੋਂਕਿ ਰਾਤ ਦੀ ਡਿਊਟੀ ਵਾਲਾ ਡਾਕਟਰ ਦੇਰੀ ਨਾਲ ਆਇਆ ਸੀ। ਜਿਸ ਨੂੰ ਸਟਾਫ਼ ਨੇ ਫੋਨ ਕਰਕੇ ਬੁਲਾਇਆ ਗਿਆ। ਹਸਪਤਾਲ ਦੇ ਰਜਿਸਟਰ ਵਿੱਚ 18 ਮਰੀਜ਼ਾਂ ਦੇ ਦਾਖ਼ਲ ਹੋਣ ਦਾ ਵੇਰਵਾ ਦਰਜ ਸੀ ਪ੍ਰੰਤੂ ਹਸਪਤਾਲ ਵਿੱਚ ਸਿਰਫ਼ ਚਾਰ ਕੁ ਮਰੀਜ਼ ਮੌਜੂਦ ਸਨ ਅਤੇ ਬਾਕੀ ਸਾਰੇ ਬੈੱਡ ਖਾਲੀ ਪਏ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਵੱਲੋਂ ਵੱਧ ਮਰੀਜ਼ ਦਾਖ਼ਲ ਹੋਏ ਦਿਖਾ ਕੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਸਕਿਉਰਿਟੀ ਗਾਰਡ ਅਤੇ ਚੌਕੀਦਾਰ ਵੀ ਨਹੀਂ ਹੈ।
(ਬਾਕਸ ਆਈਟਮ)
ਐਸਐਮਓ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਕੋਈ ਘਾਟ ਨਹੀਂ ਹੈ। ਸਿਰਫ਼ ਇਕ ਬੱਚਿਆਂ ਦਾ ਡਾਕਟਰ ਨਹੀਂ ਹੈ ਜਦੋਂਕਿ ਅੱਖਾਂ ਦਾ ਡਾਕਟਰ ਏਮਜ਼ ਹਸਪਤਾਲ ’ਚੋਂ ਆਉਂਦਾ ਹੈ। ਮਰੀਜ਼ਾਂ ਦੀ ਸੰਖਿਆ ਬਾਰੇ ਉਨ੍ਹਾਂ ਦੱਸਿਆ ਕਿ ਦਰਅਸਲ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਨੇੜੇ ਤੇੜੇ ਰਹਿਣ ਵਾਲੇ ਹੁੰਦੇ ਹਨ। ਜਿਨ੍ਹਾਂ ’ਚੋਂ ਜ਼ਿਆਦਾ ਮਰੀਜ਼ ਡਾਕਟਰ ਨੂੰ ਦੱਸ ਕੇ ਰਾਤ ਨੂੰ ਆਪਣੇ ਘਰ ਜਾਂਦੇ ਹਨ। ਇਸ ਸਬੰਧੀ ਬਾਕਾਇਦਾ ਉਨ੍ਹਾਂ ਕੋਲੋਂ ਲਿਖ ਕੇ ਲਿਆ ਜਾਂਦਾ ਹੈ। ਐਂਬੂਲੈਂਸ ਬਾਰੇ ਐਸਐਮਓ ਨੇ ਦੱਸਿਆ ਕਿ 2016 ਵਿੱਚ ਚਾਲਕ ਸੇਵਾਮੁਕਤ ਹੋ ਗਿਆ ਸੀ। ਉਸ ਤੋਂ ਬਾਅਦ ਕੋਈ ਡਰਾਈਵਰ ਨਹੀਂ ਮਿਲਿਆ। ਇਸ ਸਬੰਧੀ ਹੁਣ ਤੱਕ ਉੱਚ ਅਧਿਕਾਰੀਆਂ ਨੂੰ ਅਣਗਿਣਤ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ। ਅਲਟਰਾਸਾਉਂਡ ਮਸ਼ੀਨ ਚਲਾਉਣ ਲਈ ਆਊਟ ਸੋਰਸਿਸ ਰਾਹੀਂ ਅਪਰੇਟਰ ਦੀ ਵਿਵਸਥਾ ਕੀਤੀ ਜਾਵੇਗੀ। ਪਾਣੀ ਦੀ ਕਿੱਲਤ ਬਾਰੇ ਐਸਐਮਓ ਨੇ ਦੱਸਿਆ ਕਿ ਮੋਟਰ ਖ਼ਰਾਬ ਹੋਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਨਵੀਂ ਮੋਟਰ ਚਾਲੂ ਕਰਨ ਨਾਲ ਪਾਈਪਾਂ ’ਚ ਜਮ੍ਹਾ ਹੋਈ ਮਿੱਟੀ ਪ੍ਰੈਸ਼ਰ ਨਾਲ ਟੁੱਟੀਆਂ ਵਿੱਚ ਆ ਗਈ ਸੀ ਲੇਕਿਨ ਹੁਣ ਪਾਣੀ ਬਿਲਕੁਲ ਠੀਕ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੀ ਮਹਾ ਪੰਚਾਇਤ ਵਿੱਚ ਹੁਕਮਰਾਨਾਂ ’ਤੇ ਸਾਧੇ ਨਿਸ਼ਾਨੇ

ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੀ ਮਹਾ ਪੰਚਾਇਤ ਵਿੱਚ ਹੁਕਮਰਾਨਾਂ ’ਤੇ ਸਾਧੇ ਨਿਸ਼ਾਨੇ ਨਿਹੰਗ …