ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੇ ਹਜ਼ਾਰ ਤੋਂ ਵੱਧ ਅੰਗਰੇਜ਼ੀ ਬੂਸਟਰ ਕਲੱਬ ਸਥਾਪਿਤ

ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲਾਂ ਵਿੱਚ ਨਿਪੁੰਨ ਬਣਾਉਣ ਲਈ ਸਿੱਖਿਆ ਵਿਭਾਗ ਦਾ ਵੱਡਾ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ ਵਿੱਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 6072 ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਸਥਾਪਿਤ ਕੀਤੇ ਗਏ ਹਨ। ਅੰਗਰੇਜ਼ੀ ਭਾਸ਼ਾ ਪ੍ਰਤੀ ਝਿਜਕ ਅਤੇ ਡਰ ਨੂੰ ਦੂਰ ਕਰਕੇ ਅੰਗਰੇਜ਼ੀ ਭਾਸ਼ਾ ਦੇ ਸਹੀ ਉਚਾਰਨ ਸਹਿਤ ਭਾਸ਼ਾ ਕੌਸ਼ਲਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ ‘ਅੰਗਰੇਜ਼ੀ ਬੂਸਟਰ ਕਲੱਬਾਂ’ ਦੀ ਸ਼ੁਰੂਆਤ ਨਾਲ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਫਰਾਟੇਦਾਰ ਅੰਗਰੇਜ਼ੀ ਬੋਲ ਸਕਣਗੇ ਅਤੇ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਵੇਗਾ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁੱਲ 6266 ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਬਣਾਏ ਜਾਣੇ ਹਨ। ਜਿਨ੍ਹਾਂ ’ਚੋਂ ਹੁਣ ਤੱਕ 6072 ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ 109329 ਵਿਦਿਆਰਥੀ ਸ਼ਾਮਲ ਹੋ ਚੁੱਕੇ ਹਨ। ਇਸ ਸਬੰਧੀ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਪ੍ਰਤੀ ਡਰ, ਸਹਿਮ ਅਤੇ ਝਿਜਕ ਦੀ ਭਾਵਨਾ ਦੂਰ ਹੋਵੇਗੀ ਅਤੇ ਉਨ੍ਹਾਂ ਦੀ ਅੰਗਰੇਜ਼ੀ ਵਿਸ਼ੇ ਵਿੱਚ ਰੁਚੀ ਵਿਕਸਿਤ ਹੋਣ ਨਾਲ ਵਿਸ਼ੇ ਦੇ ਨਤੀਜੇ ਵੀ ਉੱਤਮ ਆਉਣਗੇ। ਉਨ੍ਹਾਂ ਕਿਹਾ ਕਿ ਯੋਜਨਾਬੰਦੀ ਸਦਕਾ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਬੋਲਣ ਦੀ ਆਡੀਓ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਅੰਗਰੇਜ਼ੀ ਬੋਲਦਿਆਂ ਦੀ ਵੀਡੀਓ ਬਣਾਉਣ ਲਈ ਜ਼ਰੂਰੀ ਨੁਕਤੇ ਦੱਸੇ ਜਾ ਰਹੇ ਹਨ।
ਅਧਿਆਪਕਾ ਤਰੁਨਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਵਿੱਚ ਸਕੂਲ ਮੁਖੀ, ਅੰਗਰੇਜ਼ੀ ਲੈਕਚਰਾਰ, ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਦੀ ਸ਼ਮੂਲੀਅਤ ਜ਼ਰੂਰੀ ਹੋਵੇ ਅਤੇ ਬਾਕੀ ਸਕੂਲ ਅਮਲਾ ਸਵੈ-ਇਛੁੱਕ ਮੈਂਬਰ ਬਣ ਕੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਕਰ ਰਹੇ ਹਨ। ਕਲੱਬਾਂ ਵਿੱਚ ਆਪਣੀ ਸਵੈ-ਇੱਛਾ ਨਾਲ ਮੈਂਬਰ ਬਣਨ ਵਾਲੇ ਬਾਕੀ ਸਕੂਲ ਅਧਿਆਪਕਾਂ ਦੀ ਗਿਣਤੀ ਵਧਣਾ ਵੀ ਇਨ੍ਹਾਂ ਕਲੱਬਾਂ ਦੀ ਹਰਮਨਪਿਆਰਤਾ ਦਾ ਪ੍ਰਮਾਣ ਹੈ।
ਬੂਸਟਰ ਕਲੱਬਾਂ ਸਬੰਧੀ ਸਟੇਟ ਰਿਸੋਰਸ ਪਰਸਨ (ਅੰਗਰੇਜ਼ੀ) ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਦੇ ਵੱਖ-ਵੱਖ ਕੌਸ਼ਲਾਂ ਦਾ ਵਿਕਾਸ ਕਰਦੇ ਹੋਏ ਅਨੇਕਾਂ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਕੇ ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਦੀ ਸਹੀ ਤਸਵੀਰ ਪੇਸ਼ ਕਰਨਗੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…