ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਲਈ ਮੁਹਾਲੀ ਵਿੱਚ ਪੰਜਾਬ ਦਾ ਪਹਿਲਾ ਚਾਈਲਡ ਫਰੈਂਡਲੀ ਰੂਮ ਸਥਾਪਿਤ

ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਹੁਣ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਥਾਣਿਆਂ ਵਿੱਚ ਨਹੀਂ ਹੋਣਾ ਪਵੇਗਾ ਖੁਆਰ

ਡੀਸੀ ਗੁਰਪ੍ਰੀਤ ਕੌਰ ਸਪਰਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਪੁਰੀ ਨੇ ਕੀਤਾ ਚਾਈਲਡ ਫਰੈਂਡਲੀ ਰੂਮ ਦਾ ਕੀਤਾ ਉਦਘਾਟਨ

ਜਿਣਸੀ ਸ਼ੋਸ਼ਣ ਸਬੰਧੀ ਟੋਲ ਫਰੀ ਨੰਬਰ 1098 ਅਤੇ ਡੀਸੀਪੀਓ ਦੇ ਮੋਬਾਈਲ ਨੰਬਰ 8427998327 ’ਤੇ ਵੀ ਕੀਤੀ ਜਾ ਸਕਦੀ ਹੈ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਮੁਹਾਲੀ ਸਿਵਲ, ਜੁਡੀਸ਼ਲ ਅਤੇ ਪੁਲੀਸ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਲ ’ਤੇ ਕਮਰਾ ਨੰਬਰ-365 ਵਿੱਚ ਪੰਜਾਬ ਦਾ ਪਹਿਲਾ ਚਾਈਲਡ ਫਰੈਂਡਲੀ ਰੂਮ ਸਥਾਪਿਤ ਕੀਤਾ ਹੈ। ਜਿਸ ਦਾ ਉਦਘਾਟਨ ਅੱਜ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਕੀਤਾ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਨੂੰ ਹੁਣ ਆਪਣੀ ਸ਼ਿਕਾਇਤ ਲੈ ਕੇ ਥਾਣਿਆਂ ਵਿੱਚ ਨਹੀਂ ਜਾਣਾ ਪਵੇਗਾ ਸਗੋਂ ਉਹ ਆਪਣੀ ਸ਼ਿਕਾਇਤ ਚਾਈਲਡ ਫਰੈਂਡਲੀ ਰੂਮ ਵਿੱਚ ਹੀ ਦਰਜ ਕਰਵਾ ਸਕਣਗੇ। ਇੱਥੇ ਬੱਚਿਆਂ ਤੋਂ ਜਿਣਸੀ ਸ਼ੋਸ਼ਣ ਸਬੰਧੀ ਪੁੱਛਗਿੱਛ ਲਈ ਸੁਖਾਵਾਂ ਮਾਹੌਲ ਸਿਰਜਿਆ ਗਿਆ ਹੈ ਅਤੇ ਪ੍ਰਭਾਵਿਤ ਬੱਚਿਆਂ ਦੇ ਕੇਸ ਦੀ ਲਿਖਾ-ਪੜੀ ਵੀ ਇੱਥੇ ਹੀ ਪੂਰੀ ਕੀਤੀ ਜਾਵੇਗੀ। ਇਸ ਸੈਂਟਰ ਵਿੱਚ ਪੀੜਤ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੀ ਹੱਡਬੀਤੀ ਬਿਨਾਂ ਕਿਸੇ ਡਰ ਭੈਅ ਤੋਂ ਦੱਸ ਸਕਣ। ਉਨ੍ਹਾਂ ਦੱਸਿਆ ਕਿ ਚਾਈਲਡ ਫਰੈਂਡਲੀ ਰੂਪ ਵਿੱਚ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਪੁੱਛਗਿੱਛ ਵੀ ਸਿਵਲ ਵਰਦੀ ਵਿੱਚ ਹੀ ਕਰਨਗੇ।
ਡੀਸੀ ਨੇ ਦੱਸਿਆ ਕਿ ਪੀੜਤ ਬੱਚਿਆਂ ਤੋਂ ਇੱਕ ਵਾਰ ਹੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ ਤਾਂ ਜੋ ਪੀੜਤ ਬੱਚਿਆਂ ਨੂੰ ਪੁੱਛਗਿੱਛ ਲਈ ਵਾਰ ਵਾਰ ਨਾ ਆਉਣਾ ਪਵੇ। ਉਨ੍ਹਾਂ ਦੱਸਿਆ ਕਿ ਚਾਈਲਡ ਫਰੈਂਡਲੀ ਰੂਮ ਸਥਾਪਿਤ ਹੋਣ ਨਾਲ ਜਿੱਥੇ ਪੀੜਤ ਬੱਚਿਆਂ ਨੂੰ ਜਲਦੀ ਇਨਸਾਫ਼ ਮਿਲੇਗਾ, ਉੱਥੇ ਦੋਸ਼ੀਆਂ ਨੂੰ ਵੀ ਜਲਦੀ ਸਜ਼ਾਵਾਂ ਦਿਵਾਉਣ ਲਈ ਠੋਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰੋਮ ਸੈਕਸੁਅਲ ਓਫੈਂਸ ਐਕਟ 2012 ਤਹਿਤ ਇਹ ਚਾਈਲਡ ਫਰੈਂਡਲੀ ਰੂਮ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਲ ਜਿਣਸੀ ਸ਼ੋਸ਼ਣ ਸਬੰਧੀ ਘਟਨਾ ਵਾਪਰਦੀ ਹੈ ਤਾਂ ਉਹ ਟੋਲ ਫਰੀ ਨੰਬਰ 1098 ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਮੋਬਾਈਲ ਨੰਬਰ 8427998327 ਅਤੇ ਈਮੇਲ dcpomohali0gmail.com ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਬੱਚਿਆਂ ਦੀ ਕੌਂਸਲਿੰਗ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਦੀ ਨਿਗਰਾਨੀ ਵਿੱਚ ਹੋਵੇਗੀ। ਇਸ ਕੰਮ ਲਈ 14 ਮੈਂਬਰੀ ਟੀਮ ਬਣਾਈ ਗਈ ਹੈ। ਜਿਸ ਵਿੱਚ ਮਨੋਵਿਗਿਆਨੀ ਵੀ ਸ਼ਾਮਲ ਕੀਤੇ ਗਏ ਹਨ।
(ਬਾਕਸ ਆਈਟਮ)
ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਦੱਸਿਆ ਕਿ ਜਿਣਸੀ ਸ਼ੋਸ਼ਣ ਦੇ ਕੇਸ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਅਜਿਹੇ ਕੇਸਾਂ ਨੂੰ ਰੋਕਣ ਲਈ ਸਾਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਪੀੜਤ ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕੇਸਾਂ ਵਿੱਚ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਿਣਸੀ ਸੋਸ਼ਣ ਬੱਚੇ ਦੀ ਸ਼ਿਕਾਇਤ ਕਿੱਥੇ ਦਰਜ ਕਰਾਉਣੀ ਹੈ। ਉਨ੍ਹਾਂ ਦੱਸਿਆ ਕਿ ਚਾਈਲਡ ਫਰੈਂਡਲੀ ਰੂਪ ਸਥਾਪਿਤ ਹੋਣ ਨਾਲ ਜਿਣਸੀ ਸੋਸ਼ਣ ਦਾ ਸ਼ਿਕਾਰ ਬੱਚੇ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣੀ ਸੋਖੀ ਅਤੇ ਸਰਲ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…