
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮਹਾਮਾਰੀ ਸਬੰਧੀ ਆਕਸੀਜਨ ਆਡਿਟ ਟੀਮਾਂ ਦਾ ਗਠਨ
15 ਆਡਿਟ ਟੀਮਾਂ ਹਸਪਤਾਲਾਂ ਵਿੱਚ ਆਕਸੀਜਨ ਦੀ ਵਰਤੋਂ ’ਤੇ ਰੱਖਣਗੀਆਂ ਨਜ਼ਰ
ਸਾਰੇ ਕੋਵਿਡ ਹਸਪਤਾਲਾਂ ਦੇ ਰੋਜ਼ਾਨਾ ਆਡਿਟ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰਨਗੀਆਂ ਟੀਮਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮੁਹਾਲੀ ਜ਼ਿਲ੍ਹੇ ਦੇ ਸਮੂਹ ਕੋਵਿਡ ਹਸਪਤਾਲਾਂ ਲਈ 15 ਆਕਸੀਜਨ ਆਡਿਟ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਆਕਸੀਜਨ ਦੀ ਅਸਾਧਾਰਨ ਮੰਗ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਇਸ ਦੇ ਭੰਡਾਰ ਅਤੇ ਖਪਤ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇ ਅਤੇ ਇਸ ਨੂੰ ਤਰਕਸੰਗਤ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਆਕਸੀਜਨ ਨਿਗਰਾਨੀ ਕਮੇਟੀ ਪਹਿਲਾਂ ਹੀ ਕਾਰਜਸ਼ੀਲ ਹੈ ਜਦਕਿ ਨਵੀਆਂ ਗਠਿਤ ਕੀਤੀਆਂ ਆਕਸੀਜਨ ਆਡਿਟ ਟੀਮਾਂ ਲਗਾਤਾਰ ਇਸ ਕਮੇਟੀ ਨੂੰ ਸਥਿਤੀ ਸਬੰਧੀ ਅਪਡੇਟ ਕਰਦੀਆਂ ਰਹਿਣਗੀਆਂ।
ਜਾਣਕਾਰੀ ਅਨੁਸਾਰ ਕੋਵਿਡ-19 ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਇਕ ਅੱਠ ਮੈਂਬਰੀ ਨਿਗਰਾਨੀ ਕਮੇਟੀ ਜ਼ਿਲ੍ਹੇ ਵਿੱਚ ਮੈਡੀਕਲ ਆਕਸੀਜਨ ਦੀ ਮੰਗ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਨਵੀਆਂ 15 ਆਕਸੀਜਨ ਆਡਿਟ ਟੀਮਾਂ ਵਿੱਚ ਤਿੰਨ ਮੈਂਬਰ ਪ੍ਰਤੀ ਟੀਮ ਸ਼ਾਮਲ ਹਨ। ਜਿਨ੍ਹਾਂ ਵਿੱਚ ਇਕ ਆਰਐਮਓ, ਸੀਆਰਓ ਅਤੇ ਇਕ ਐਸਐਚਓ ਸ਼ਾਮਲ ਹੈ। ਇਹ ਟੀਮਾਂ ਸਾਰੇ ਕੋਵਿਡ ਹਸਪਤਾਲਾਂ ਦੇ ਰੋਜ਼ਾਨਾ ਆਡਿਟ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰਨਗੀਆਂ।
ਡੀਸੀ ਨੇ ਦੱਸਿਆ ਕਿ ਇਹ ਟੀਮਾਂ ਹਸਪਤਾਲਾਂ ਨਾਲ ਸੰਪਰਕ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਹਸਪਤਾਲ ਹਰ ਮਰੀਜ਼ ਦਾ ਦੋ ਘੰਟੇ ਦਾ ਆਕਸੀਜਨ ਸੰਪੂਰਤੀ ਚਾਰਟ ਬਣਾਉਣ ਤਾਂ ਜੋ ਹਰੇਕ ਮਰੀਜ਼ ਦੀ ਜ਼ਰੂਰਤ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਨਿਗਰਾਨੀ ਕਮੇਟੀ ਹਰੇਕ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਦੀ ਖਪਤ ’ਤੇ ਨਿਗਰਾਨੀ ਰੱਖ ਸਕੇ। ਇਸ ਤੋਂ ਇਲਾਵਾ, ਟੀਮਾਂ ਠੀਕ ਹੋਏ ਮਰੀਜ਼ਾਂ ਨੂੰ ਸਮੇਂ ਸਿਰ ਐਲ 3 ਤੋਂ ਐਲ 2 ਜਾਂ ਐਲ 1 ਸਿਹਤ ਸੰਸਥਾ ਵਿੱਚ ਤਬਦੀਲ ਕਰਨ ਨੂੰ ਯਕੀਨੀ ਬਣਾਉਣਗੀਆਂ ਤਾਂ ਜੋ ਗੰਭੀਰ ਮਰੀਜ਼ਾਂ ਲਈ ਵਧੇਰੇ ਐਲ 3 ਬੈੱਡ ਉਪਲਬਧ ਕਰਵਾਏ ਜਾ ਸਕਣ।