
ਪੰਜਾਬ ਵਿੱਚ 100 ਪਵਿੱਤਰ ਵਣ ਤੇ 75 ਨਾਨਕ ਬਗੀਚੀਆਂ ਸਥਾਪਿਤ ਕਰਨ ਦਾ ਐਲਾਨ
ਪੰਜਾਬ ਵਿੱਚ ਅੱਠ ਇਨਵਾਇਰਮੈਂਟ ਪਾਰਕ ਬਣਾਏ ਜਾਣਗੇ: ਸੰਗਤ ਸਿੰਘ ਗਿਲਜ਼ੀਆਂ
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਲਈ 100 ਦਿਨਾਂ ਕੰਮ ਦਾ ਖਾਕਾ ਉਲੀਕਿਆ
ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਵਿਆਪਕ ਮੁਹਿੰਮ ਵਿੱਢੀ ਜਾਵੇਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਦੇ ਨਵੇਂ ਜੰਗਲਾਤ, ਜੰਗਲੀ ਜੀਵ ਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੇ ਵਣ ਵਿਭਾਗ ਲਈ 100 ਦੇ ਕੰਮਕਾਰਾਂ ਦਾ ਖਾਕਾ ਉਲੀਕਦਿਆਂ ਕਿਹਾ ਕਿ ਲੋਕਾਂ ਵਿੱਚ ਵਾਤਾਵਰਨ ਸਬੰਧੀ ਜਾਗਰੂਕਤਾ ਲਿਆਉਣ ਲਈ ਸੂਬੇ ਵਿੱਚ ਅੱਠ ਇਨਵਾਇਰਮੈਂਟ ਪਾਰਕ ਬਣਾਏ ਜਾਣਗੇ। ਅੱਜ ਇੱਥੇ ਸੈਕਟਰ-68 ਸਥਿਤ ਵਣ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਨੇ ਅਫ਼ਸਰਾਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀਆਂ। ਉਨ੍ਹਾਂ ਕਿਹਾ ਕਿ ਵਣ ਵਿਭਾਗ ਵੱਲੋਂ ਸਬ ਮਿਸ਼ਨ ਆਨ ਐਗਰੋ ਫਾਰੈਸਟਰੀ ਤਹਿਤ ਲਗਪਗ 10 ਲੱਖ ਬੂਟੇ ਲਗਾਉਣ ਲਈ 700 ਕਿਸਾਨਾਂ ਨੂੰ ਰਜਿਸਟਰਡ ਕੀਤਾ ਜਾਵੇਗਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੁਰੂ ਤੇਗ ਬਹਾਦਰ ਨੂੰ ਸਮਰਪਿਤ 100 ਪਵਿੱਤਰ ਵਣ ਅਤੇ ਗੁਰੂ ਨਾਨਕ ਦੇਵ ਨੂੰ ਸਮਰਪਿਤ 75 ਨਾਨਕ ਬਗੀਚੀਆਂ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਬਿਲ, ਬੇਰ, ਖੈਰ, ਪਿੱਪਲ, ਢੱਕ, ਟਾਲੀ, ਆਂਵਲਾ, ਅਰਜਨ ਅਤੇ ਇਮਲੀ ਆਦਿ ਦੇ ਬੂਟੇ ਲਾਏ ਜਾਣਗੇ।
ਸ੍ਰੀ ਗਿਲਜ਼ੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲੱਕੜ ਆਧਾਰਤ ਸਨਅਤ ਨੂੰ ਲਾਇਸੈਂਸ/ਰਜਿਸਟਰੇਸ਼ਨ ਸਰਟੀਫ਼ਿਕੇਟ ਜਾਰੀ ਕਰਨ ਲਈ ਦਿ ਪੰਜਾਬ ਰੈਗੂਲੇਸ਼ਨ ਆਫ਼ ਵੁੱਡ ਬੇਸਡ ਇੰਡਸਟਰੀਜ਼ ਰੂਲਜ਼ 2019 ਜਾਰੀ ਕੀਤੇ ਗਏ ਹਨ ਅਤੇ ਇਸ ਸਬੰਧੀ ਪੋਰਟਲ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਪ੍ਰਵਾਨਗੀਆਂ ਸੌਖੇ ਤਰੀਕੇ ਨਾਲ ਮਿਲ ਸਕਣ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਵੱਖ-ਵੱਖ ਚਿੜੀਆ-ਘਰਾਂ ਦਾ ਵਿਕਾਸ ’ਤੇ 14.95 ਕਰੋੜ ਖ਼ਰਚੇ ਜਾਣਗੇ। ਵਣ ਮੰਤਰੀ ਨੇ ਜੰਗਲਾਤ ਦੇ ਰਕਬੇ ਉੱਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਵਿਆਪਕ ਮੁਹਿੰਮ ਚਲਾਉਣ ਦੇ ਆਦੇਸ਼ ਵੀ ਦਿੱਤੇ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸੀਮਾ ਜੈਨ, ਪ੍ਰਵੀਨ ਕੁਮਾਰ ਪ੍ਰਧਾਨ ਮੁੱਖ ਵਣ ਪਾਲ, ਆਰ.ਕੇ.ਮਿਸ਼ਰਾ ਪ੍ਰਧਾਨ ਮੁੱਖ ਵਣ ਪਾਲ (ਜੰਗਲੀ ਜੀਵ), ਸੌਰਭ ਗੁਪਤਾ ਵਧੀਕ ਪ੍ਰਧਾਨ ਮੁੱਖ ਵਣ ਪਾਲ ਵਿਕਾਸ ਅਤੇ ਸਮੂਹ ਮੁੱਖ ਵਣ ਪਾਲ, ਸਮੂਹ ਵਣ ਪਾਲ ਅਤੇ ਸਮੂਹ ਵਣ ਮੰਡਲ ਅਫ਼ਸਰ ਹਾਜ਼ਰ ਸਨ।