ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਵਿਕਾਸ ਕੰਮਾਂ ਲਈ 80 ਕਰੋੜ ਦੇ ਐਸਟੀਮੇਟ ਪਾਸ
ਪਾਣੀ, ਸੀਵਰੇਜ ਦੀ ਸਮੱਸਿਆ ਅਤੇ ਸਿਹਤ ਵਿਭਾਗ ਦੇ 9 ਕਰੋੜ ਦੇ ਐਸਟੀਮੇਟ ਵੀ ਕੀਤੇ ਪਾਸ
ਸ਼ਹਿਰ ਦਾ ਕੋਈ ਵੀ ਕੋਨਾ ਵਿਕਾਸ ਤੋਂ ਖੁੰਝਾ ਨਹੀਂ ਰਹੇਗਾ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 80 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਐਸਟੀਮੇਟ ਪਾਸ ਕੀਤੇ ਗਏ ਅਤੇ ਵਰਕ ਆਰਡਰ ਜਾਰੀ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਸਮੇਤ ਅਸਿਸਟੈਂਟ ਕਮਿਸ਼ਨਰ ਰਣਜੀਵ ਚੌਧਰੀ ਕੌਂਸਲਰ ਮੈਂਬਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੁਹਾਲੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਲਗਪਗ 50 ਕਰੋੜ ਰੁਪਏ ਦੇ ਨਵੇਂ ਐਸਟੀਮੇਟ ਪਾਸ ਕੀਤੇ ਗਏ ਹਨ ਜਦੋਂਕਿ 20 ਕਰੋੜ ਰੁਪਏ ਦੇ ਪੁਰਾਣੇ ਪਾਸ ਕੀਤੇ ਹੋਏ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਨ ਸਿਹਤ ਵਿਭਾਗ ਦੇ ਤਖ਼ਮੀਨਿਆਂ ਸਬੰਧੀ 9 ਕਰੋੜ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਹ ਰਾਸ਼ੀ ਜਨ ਸਿਹਤ ਵਿਭਾਗ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸ਼ਹਿਰ ਦਾ ਕੋਈ ਵੀ ਕੋਨਾ ਵਿਕਾਸ ਪੱਖੋਂ ਵਾਂਝਾ ਨਹੀਂ ਰਹੇਗਾ। ਸਾਰੇ ਵਾਰਡਾਂ ਅਤੇ ਕੌਮਨ ਥਾਵਾਂ ਦੇ ਵਿਕਾਸ ਲਈ ਐਸਟੀਮੇਟ ਪਾਸ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ, ਪਾਰਕਾਂ ਦਾ ਰੱਖ-ਰਖਾਓ, ਸੀਵਰੇਜ, ਸਟਰੀਟ ਲਾਈਟਾਂ ਦੇ ਕੰਮ ਸੈਕਟਰ-76 ਤੋਂ 80 ਵਿੱਚ ਪਾਰਕਾਂ ਵਿੱਚ ਫੁੱਟਪਾਥ ਬਣਾਉਣ, ਪਾਥ ਵੇਅ ਬਣਾਉਣ ਸਮੇਤ ਹਰ ਕੰਮ ਸ਼ਾਮਲ ਹਨ।
ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਮੱਸਿਆ ਦੇ ਹੱਲ ਅਤੇ ਸਿਹਤ ਵਿਭਾਗ ਦੇ 9 ਕਰੋੜ ਰੁਪਏ ਦੇ ਐਸਟੀਮੇਟ ਵੀ ਪਾਸ ਕਰ ਦਿੱਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਮੁਹਾਲੀ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਹੁਣ ਗਰਮੀ ਦੇ ਮੌਸਮ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਠੇਕੇਦਾਰ ਮਹੀਨੇ ਦੇ ਅੰਦਰ-ਅੰਦਰ ਕੰਮ ਸ਼ੁਰੂ ਕਰੇਗਾ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਕੰਮ ਖ਼ਤਮ ਕੀਤਾ ਜਾਵੇਗਾ।