nabaz-e-punjab.com

ਅਨਾਮਲੀ, ਪ੍ਰਮੋਸ਼ਨਾਂ ਤੇ ਹੋਰ ਮੰਗਾਂ ਤੁਰੰਤ ਹੀ ਹੱਲ ਕੀਤੀਆਂ ਜਾਣ: ਰਛਪਾਲ ਵੜੈਚ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਗਸਤ:
ਪੰਜਾਬ ਦੇ ਈਟੀਟੀ ਅਧਿਆਪਕਾਂ ਦੀ ਇੱਕ ਵੱਡੀ ਜਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਹਿਮ ਮੀਟਿੰਗ ਹੋਈ। ਅਧਿਆਪਕਾਂ ਦੀ ਇਹ ਮੀਟਿੰਗ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਅਧਿਆਪਕ ਮਸਲਿਆਂ ਤੇ ਅਹਿਮ ਚਰਚਾ ਕੀਤੀ ਗਈ। ਜਿੰਨ੍ਹਾਂ ਵਿੱਚ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਅਨਾਮਲੀ ਤੁਰੰਤ ਦੂਰ ਕਰਨ ਸਬੰਧੀ ਪੱਤਰ ਜ਼ਾਰੀ ਕਰਨ, ਈਟੀਟੀ ਤੋਂ ਮਾਸਟਰ ਕੇਡਰ ਵਿੱਚ ਪਿਛਲੇ 4 ਸਾਲ ਤੋਂ ਰੁਕੀਆਂ ਪ੍ਰਮੋਸ਼ਨਾਂ ਕਰਨ, ਜ਼ਿਲ੍ਹਾ ਪ੍ਰੀਸ਼ਦ ਵਾਲੇ ਅਧਿਆਪਕਾਂ ਦੀ 2006 ਤੋਂ ਸਰਵਿਸ ਬਰਕਰਾਰ ਰੱਖਣ, ਨਵੀਂ ਭਰਤੀ ਕਰਨ, ਕੱਚੇ ਅਧਿਆਪਕ ਪੱਕੇ ਕਰਨ, ਵਿਦੇਸ਼ ਛੁੱਟੀ ਆਮ ਦਿਨਾਂ ਵਿਚ ਨਾ ਦੇਣ ਸਬੰਧੀ ਜਾਰੀ ਪੱਤਰ ਵਾਪਸ ਲੈਣ, ਬਦਲੀ ਪਾਲਿਸੀ ਵਿੱਚ ਸੋਧ ਕਰਕੇ ਬਦਲੀਆਂ ਦਾ ਕੰਮ ਪੂਰਾ ਕਰਨ, ਤਨਖਾਹਾਂ ਦਾ ਬਜਟ ਪੂਰੇ ਸਾਲ ਦਾ ਇਕੱਠਾ ਜਾਰੀ ਕਰਨ, ਅਧਿਆਪਕਾਂ ਵੱਲੋਂ ਛੁੱਟੀਆਂ ਵਿੱਚ ਲਗਾਏ ਕੈਂਪ ਤੇ ਦਿੱਤੀਆਂ ਡਿਊਟੀਆਂ ਦੇ ਬਦਲੇ ਕਮਾਈ ਛੁੱਟੀ ਸਰਵਿਸ ਬੁੱਕ ਵਿੱਚ ਐਂਟਰੀ ਕਰਨ, ਦਫ਼ਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰਨ, ਡਬਲ ਸ਼ਿਫਟ ਵਿੱਚ ਚੱਲ ਰਹੇ ਸਕੂਲਾਂ ਵਿੱਚ ਸਮਾਂ ਸਾਰਣੀ ਸੰਬੰਧੀ ਜਾਰੀ ਪੱਤਰ ਲਾਗੂ ਕਰਨ ਆਦਿ ਮਸਲਿਆਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਸਿੱਖਿਆ ਮੰਤਰੀ ਵੱਲੋਂ ਹਰ ਮਸਲੇ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਧਿਆਪਕਾ ਦਾ ਹਰੇਕ ਮਸਲਾ ਹੱਲ ਕਰਨ ਲਈ ਉਹ ਵਚਨਬੱਧ ਹਨ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਮੇਤ ਉਹ ਹਰ ਮਸਲੇ ਦੇ ਹੱਲ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਮੌਕੇ ਸੂਬਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਬਰਾੜ ਮੁਕਤਸਰ ਸਾਹਿਬ, ਸੂਬਾ ਸਹਾਇਕ ਵਿੱਤ ਸਕੱਤਰ ਸ਼ਿਵ ਕੁਮਾਰ ਰਾਣਾ ਮੁਹਾਲੀ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਗੁਰਮੇਜ ਸਿੰਘ ਤਲਵੰਡੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕ ਆਗੂ ਹਾਜ਼ਰ ਸਨ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਜਥੇਬੰਦੀ ਦੀ ਪਿਛਲੇ ਰਹੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਵੀ ਮੀਟਿੰਗ ਹੋਈ ਸੀ, ਹੁਣ ਫਿਰ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਨੂੰ ਨਵੇਂ ਸਿੱਖਿਆ ਮੰਤਰੀ ਦੇ ਨਿੱਜੀ ਦਖ਼ਲ ਨਾਲ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਹੋਣ ਦੀ ਆਸ ਬੱਝੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…