
37 ਕਰੋੜ ਦੀ ਲਾਗਤ ਵਾਲੀ ਸੜਕ ਦਾ 20 ਫੀਸਦੀ ਕੰਮ ਵੀ ਮੁਕੰਮਲ ਨਹੀਂ ਹੋਇਆ: ਬੇਦੀ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਠੇਕੇਦਾਰਾਂ ਤੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਮੰਗੀ
ਗਮਾਡਾ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਟੁੱਟੀਆਂ ਸੜਕਾਂ ’ਤੇ ਪੈਚ ਵਰਕ ਦਾ ਕੰਮ ਕਰਨ ਤੋਂ ਰੋਕਿਆ
ਨਬਜ਼-ਏ-ਪੰਜਾਬ, ਮੁਹਾਲੀ, 10 ਅਗਸਤ:
ਇੱਥੋਂ ਦੇ ਫੇਜ਼-8 ਤੋਂ ਫੇਜ਼ 11 ਤੱਕ 37 ਕਰੋੜ ਰੁਪਏ ਦੀ ਲਾਗਤ ਨਾਲ ਚੌੜੀ ਅਤੇ ਮਜ਼ਬੂਤ ਸੜਕ ਬਣਾਉਣ ਦਾ 20 ਫੀਸਦੀ ਕੰਮ ਵੀ ਪੂਰਾ ਨਹੀਂ ਹੋ ਸਕਿਆ ਜਦੋਂਕਿ ਸੜਕ ਦਾ ਸਾਰਾ ਕੰਮ ਅਗਸਤ ਦੇ ਅੰਤ ਤੱਕ ਮੁਕੰਮਲ ਕਰਕੇ ਦੇਣਾ ਸੀ ਪ੍ਰੰਤੂ ਗਮਾਡਾ ਦਫ਼ਤਰ ਤੱਕ ਵੀ ਸੜਕ ਨਹੀਂ ਬਣ ਸਕੀ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਹੋਰਨਾਂ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ’ਤੇ ਨਿਸ਼ਾਨਾ ਸਾਧਦਿਆਂ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਸੜਕ ਨਿਰਮਾਣ ਲਈ 30 ਅਗਸਤ ਡੈੱਡਲਾਈਨ ਸੀ ਪ੍ਰੰਤੂ ਅਜੇ ਤਾਈਂ ਗਮਾਡਾ ਆਪਣੇ ਦਫ਼ਤਰ ਤੱਕ ਵੀ ਸੜਕ ਨਹੀਂ ਬਣਾ ਸਕਿਆ।
ਕੁਲਜੀਤ ਬੇਦੀ ਨੇ ਅੱਜ ਮੀਡੀਆ ਟੀਮ ਨੂੰ ਨਾਲ ਲਿਜਾ ਕੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦਾ ਅੱਖੀਡਿੱਠਾ ਹਾਲ ਦਿਖਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਇਹੀ ਸਮਝਦੇ ਹਨ ਕਿ ਇਨ੍ਹਾਂ ਸੜਕਾਂ ਦਾ ਕੰਮ ਨਗਰ ਨਿਗਮ ਅਧੀਨ ਹੈ ਜਦੋਂਕਿ ਸਚਾਈ ਇਹ ਹੈ ਕਿ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਗਮਾਡਾ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਇਕੱਲੀ ਸੜਕ ’ਤੇ 37 ਕਰੋੜ ਖ਼ਰਚ ਕੀਤੇ ਜਾਣੇ ਸਨ। ਇਸ ਸੜਕ ’ਤੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਹੈ ਅਤੇ ਇਸ ਨੂੰ ਸ਼ਾਪਿੰਗ ਸਟਰੀਟ ਕਿਹਾ ਜਾਂਦਾ ਹੈ ਕਿਉਂਕਿ ਸਾਰੀ ਪੁਰਾਣੀ ਮਾਰਕੀਟ ਇਸੇ ਸੜਕ ਉੱਤੇ ਹੈ।
ਉਧਰ, ਦੂਜੇ ਪਾਸੇ ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਸੜਕ ਚੌੜੀ ਕੀਤੀ ਜਾਣੀ ਹੈ। ਨਵੇਂ ਸਿਰਿਓਂ ਸੀਵਰੇਜ ਪਾਉਣ ਕਾਰਨ ਇਹ ਸੜਕ ਇੱਕ ਪਾਸੇ ਤੋਂ ਪੁੱਟੀ ਗਈ ਸੀ। ਇਸ ਸਬੰਧੀ ਗਮਾਡਾ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਪੈਚ ਵਰਕ ਤੋਂ ਵੀ ਰੋਕ ਦਿੱਤਾ ਹੈ। ਲੋਕਾਂ ਵੱਲੋਂ ਸੜਕਾਂ ਦੀ ਬਦਤਰ ਹਾਲਤ ਦਾ ਸਾਰਾ ਠੀਕਰਾ ਨਗਰ ਨਿਗਮ ਦੇ ਸਿਰ ਭੰਨਿਆ ਰਿਹਾ ਹੈ ਜਦੋਂਕਿ ਸਾਰੀ ਜ਼ਿੰਮੇਵਾਰੀ ਗਮਾਡਾ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਠੇਕੇਦਾਰਾਂ ਅਤੇ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਇਹ ਕੰਮ ਲੇਟ ਹੋਇਆ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਡਿਪਟੀ ਮੇਅਰ ਨੇ ਮੰਗ ਕੀਤੀ ਕਿ ਗਮਾਡਾ ਸੜਕਾਂ ਅਤੇ ਪਾਰਕਾਂ ਦੇ ਰੱਖ-ਰਖਾਓ ਲਈ ਨਗਰ ਨਿਗਮ ਨੂੰ ਫੰਡ ਮੁਹੱਈਆ ਕਰੇ ਜਾਂ ਖ਼ੁਦ ਕੰਮ ਕਰਵਾ ਕੇ ਦੇਵੇ। ਨਵੀਆਂ ਬਣ ਰਹੀਆਂ ਸੜਕਾਂ ਉੱਤੇ ਸਹੀ ਢੰਗ ਨਾਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਜਾਣ ਤੋਂ ਰੋਕਿਆ ਜਾ ਸਕੇ। ਅੰਡਰਗਰਾਉਂਡ ਕੇਬਲ ਤਾਰਾਂ ਲਈ ਸੜਕ ਦੇ ਨਾਲ-ਨਾਲ ਵੱਖਰੀ ਪਾਈਪ ਪਾਈ ਜਾਵੇ। ਤਾਂ ਜੋ ਫੁੱਟਪਾਥ ਨਾ ਤੋੜੇ ਜਾ ਸਕਣ।
ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਬਹੁਤ ਗੰਭੀਰ ਹੈ। ਇਸ ਲਈ ਨਵੀਆਂ ਸੜਕਾਂ ਬਣਾਉਣ ਸਮੇਂ ਡਰੇਨੇਜ਼ ਸਿਸਟਮ ਵੀ ਦਰੁਸਤ ਕੀਤਾ ਜਾਵੇ।