Nabaz-e-punjab.com

ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਨੂੰ ਹਰੇਕ ਪੰਜਾਬੀ ਨੂੰ ਅੱਗੇ ਆਉਣ ਦੀ ਲੋੜ: ਧਨੋਆ

ਮੀਟਿੰਗ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਕੇਂਦਰ ਬਿੰਦੂਆਂ ’ਤੇ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਅਕਾਲੀ ਦਲ ਦੇ ਕੌਂਸਲਰ ਤੇ ਸਮਾਜ ਸੇਵੀ ਆਗੂ ਸਤਵੀਰ ਸਿੰਘ ਧਨੋਆ ਨੇ ਅੱਜ ਇੱਥੇ ਪੰਜਾਬੀ ਸਾਹਿਤਕਾਰ, ਸਮਾਜਿਕ ਚਿੰਤਕ ਅਤੇ ਬੁੱਧੀਜੀਵੀਆਂ ਨਾਲ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਕੇਂਦਰ ਬਿੰਦੂਆਂ ’ਤੇ ਚਰਚਾ ਕਰਦਿਆਂ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਸ੍ਰੀ ਧਨੋਆ ਨੇ ਜ਼ੋਰਦਾਰ ਮੰਗ ਕੀਤੀ ਕਿ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀ ਦਫ਼ਤਰੀ ਭਾਸ਼ਾ ਪੰਜਾਬੀ ਲਾਜ਼ਮੀ ਕਰਾਰ ਦਿੱਤੀ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਵਿੱਚ ਹੀ ਪੰਜਾਬੀ ਮਾਂ ਬੋਲੀ ਬੇਗਾਨੀ ਹੁੰਦੀ ਜਾ ਰਹੀ ਹੈ ਅਤੇ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਮਾਂ ਬੋਲੀ ਨੂੰ ਵਿਸਾਰਦੇ ਜਾ ਰਹੇ ਹਨ। ਜ਼ਿਆਦਾਤਰ ਪੰਜਾਬੀ ਵੀ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਨੂੰ ਤਰਜ਼ੀਹ ਦਿੰਦੇ ਹਨ ਅਤੇ ਘਰੇਲੂ ਨੌਕਰਾਂ ਨਾਲ ਵੀ ਹਿੰਦੀ ਵਿੱਚ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਖ਼ੁਦ ਪੰਜਾਬੀ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਹੁੰਦੇ ਤਾਂ ਸਾਹਮਣੇ ਵਾਲੇ ਨੂੰ ਮਾਂ ਬੋਲੀ ਦਾ ਪਾਠ ਪੜ੍ਹਾਉਣ ਕਿਸੇ ਵੀ ਪੱਖੋਂ ਜਾਇਜ਼ ਨੀਂ ਹੈ। ਬੁਲਾਰਿਆਂ ਨੇ ਜ਼ੋਰ ਦੇ ਕੇ ਆਖਿਆ ਕਿ ਕਿਸੇ ਵੀ ਆਨਲਾਈਨ ਕੰਪਨੀ ਜਾਂ ਕਾਲ ਸੈਂਟਰ ਤੋਂ ਫੋਨ ਆਉਣ ’ਤੇ ਗੱਲ ਕਰਨ ਵਾਲੇ ਨੂੰ ਪੰਜਾਬੀ ਵਿੱਚ ਗੱਲ ਕਰਨ ਲਈ ਕਿਹਾ ਜਾਵੇ ਤਾਂ ਜੋ ਇਹੋ ਜਿਹੇ ਅਦਾਰਿਆਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।
ਸ੍ਰੀ ਧਨੋਆ ਨੇ ਕਿਹਾ ਕਿ ਪੰਜਾਬੀ ਸਾਹਿਤ ਦੁਨੀਆਂ ਦਾ ਸਭ ਤੋਂ ਅਮੀਰ ਸਾਹਿਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੂਜੀਆਂ ਭਾਸ਼ਾਵਾਂ ਵੀ ਸਿੱਖਣ ਪਰ ਇਸ ਦੇ ਨਾਲ ਨਾਲ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਵੀ ਯਤਨ ਕੀਤੇ ਜਾਣ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਨਾਟਕ ਦਿਖਾਉਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਦੀ ਪੰਜਾਬੀ ਵਿੱਚ ਰੁਚੀ ਵਧੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਸਕੂਲਾਂ ਵਿੱਚ ਪੰਜਾਬੀ ਨੂੰ ਅਹਿਮੀਅਤ ਦੇਣ ਲਈ ਮਜਬੂਰ ਕਰਨ ਜੋ ਕਿ ਪੰਜਾਬ ਵਿੱਚ ਸਸਤੇ ਭਾਅ ਦੀਆਂ ਜ਼ਮੀਨਾਂ ਅਲਾਟ ਕਰਵਾਉਂਦੇ ਹਨ ਪਰ ਬੱਚਿਆਂ ਨੂੰ ਪੰਜਾਬੀ ਪ੍ਰਤੀ ਗਲਤ ਨਜ਼ਰੀਆ ਦਿੰਦੇ ਹਨ। ਪੰਜਾਬੀਆਂ ਨੂੰ ਆਪਣੇ ਕਾਰੋਬਾਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਦੁਕਾਨਾਂ ਦੇ ਬੋਰਡ, ਹਿਸਾਬ ਕਿਤਾਬ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿੱਚ ਹੀ ਕਰਨਾ ਚਾਹੀਦਾ ਹੈ।
ਇਸ ਮੌਕੇ ਬੁੱਧੀਜੀਵੀ ਅਤੇ ਪੰਜਾਬੀ ਚਿੰਤਕ ਨਛੱਤਰ ਸਿੰਘ ਬੈਦਵਾਨ, ਜਗਤਾਰ ਸਿੰਘ ਬੈਨੀਪਾਲ, ਪ੍ਰਿੰਸੀਪਲ ਨਾਨਕ ਸਿੰਘ ਮਾਹਲ, ਗੁਰਮੇਲ ਸਿੰਘ ਮੌਜੇਵਾਲ, ਸੁਖਦੇਵ ਸਿੰਘ ਵਾਲੀਆ, ਉੱਜਲ ਸਿੰਘ, ਨਰਪਿੰਦਰ ਸਿੰਘ ਰੰਗੀ, ਹਰਸ਼ਦੀਪ ਸਿੰਘ ਸ਼ੇਰਗਿੱਲ, ਪਰਮਜੀਤ ਸਿੰਘ ਹੈਪੀ, ਕਰਮ ਸਿੰਘ ਮਾਵੀ, ਪੀਪੀਐਸ ਬਜਾਜ, ਪਵਨ ਕੁਮਾਰ, ਇੰਦਰਪਾਲ ਸਿੰਘ ਧਨੋਆ, ਪਰਤੇਸ਼ ਸਿੰਘ, ਸਿਮਰਦੀਪ ਸਿੰਘ, ਬਿਕਰਮਜੀਤ ਸਿੰਘ, ਸ਼ਰਨਜੀਤ ਸਿੰਘ ਨਈਅਰ, ਹਰਭਗਤ ਸਿੰਘ ਬੇਦੀ, ਰਾਮ ਬਰਿੱਖ ਸਿੰਘ, ਰਛਪਾਲ ਸਿੰਘ ਪ੍ਰੀਤੀ, ਕੁਲਦੀਪ ਸਿੰਘ ਭਿੰਡਰ, ਗੁਰਮੇਲ ਸਿੰਘ, ਦੀਦਾਰ ਸਿੰਘ ਢੀਂਡਸਾ, ਬਚਿੱਤਰ ਸਿੰਘ, ਰਜਿੰਦਰ ਸਿੰਘ ਮਾਨ, ਜਸਰਾਜ ਸਿੰਘ ਸੋਨੂੰ, ਗੁਰਵੀਰ ਸਿੰਘ ਵੀ ਹਾਜਿਰ ਸਨ।
(ਬਾਕਸ ਆਈਟਮ)
ਪੰਜਾਬੀ ਲੋਕਾਂ ਵਿੱਚ ਸਾਹਿਤ ਪੜ੍ਹਨ ਵਿੱਚ ਰੁਚੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ। ਅੱਜ ਦੇ ਬੱਚਿਆਂ ਨੂੰ ਵਾਰਿਸ ਸ਼ਾਹ, ਦਮੋਦਰ, ਪੀਲੂ, ਸੁਲਤਾਨ ਬਾਹੂ, ਸਾਈਂ ਬੁੱਲ੍ਹੇ ਸ਼ਾਹ, ਬਾਬੂ ਫਿਰੋਜ਼ਦੀਨ ਸ਼ਰਫ, ਬਾਬੂ ਰਜਬ ਅਲੀ, ਧਨੀ ਰਾਮ ਚਾਤ੍ਰਿਕ, ਨਾਨਕ ਸਿੰਘ, ਭਾਈ ਵੀਰ ਸਿੰਘ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਦਲੀਪ ਕੌਰ ਟਿਵਾਣਾ, ਸੁਜਾਨ ਸਿੰਘ, ਬਲਰਾਜ ਸਾਹਨੀ, ਰਾਮ ਸਰੂਪ ਅਣਖੀ, ਅਜੀਤ ਕੌਰ, ਪਾਸ਼, ਸੰਤੋਖ ਸਿੰਘ ਧੀਰ, ਪ੍ਰੋ. ਮੋਹਨ ਸਿੰਘ ਅਤੇ ਹੋਰ ਕਈ ਨਾਮਵਰ ਪੰਜਾਬੀ ਲੇਖਕਾਂ ਦੇ ਨਾਮ ਤੱਕ ਪਤਾ ਨਹੀਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…