ਹਰ ਵਾਰ ਹਲਕਾ ਛੱਡ ਕੇ ਭੱਜ ਜਾਂਦੇ ਨੇ ਕਾਂਗਰਸੀ ਉਮੀਦਵਾਰ, ਐਤਕੀਂ ਤਿਵਾੜੀ ਵੀ ਭੱਜਿਆ: ਚੰਦੂਮਾਜਰਾ

ਵਿਰੋਧੀ ਪਾਰਟੀਆਂ ਨੂੰ ਨਹੀਂ ਮਿਲ ਰਹੇ ਯੋਗ ਉਮੀਦਵਾਰ: ਚੰਦੂਮਾਜਰਾ

ਚੰਦੂਮਾਜਰਾ ਤੇ ਹਲਕਾ ਇੰਚਾਰਜ ਬੈਦਵਾਨ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੂਜੇ ਗੇੜ ਦਾ ਚੋਣ ਪ੍ਰਚਾਰ ਆਗਾਜ਼ ਕਰਦਿਆਂ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਵੀ ਨਹੀਂ ਲੱਭ ਰਹੇ ਹਨ ਜਦੋਂਕਿ ਕਾਂਗਰਸੀ ਹਰ ਵਾਰ ਹਲਕਾ ਛੱਡ ਕੇ ਭੱਜ ਜਾਂਦੇ ਹਨ। ਐਤਕੀਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਹਲਕਾ ਛੱਡ ਕੇ ਭੱਜ ਗਿਆ ਹੈ। ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ, ਸ਼ਮਸ਼ੇਰ ਸਿੰਘ ਦੂਲੋਂ ਸਮੇਤ ਹੋਰ ਕਈ ਆਗੂ ਪਿੱਠ ਦਿਖਾ ਕੇ ਭੱਜ ਚੁੱਕੇ ਹਨ।
ਮੁਹਾਲੀ ਵਿੱਚ ਆਪਣੇ ਨਿਵਾਸ ’ਤੇ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਜਸਵੰਤ ਸਿੰਘ ਭੁੱਲਰ ਤੇ ਪਰਮਜੀਤ ਸਿੰਘ ਕਾਹਲੋਂ (ਤਿੰਨੇ ਮੀਤ ਪ੍ਰਧਾਨ), ਐਸਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ, ਪੀਏਸੀ ਦੇ ਮੈਂਬਰ ਕਰਮ ਸਿੰਘ ਬਬਰਾ, ਪਰਮਜੀਤ ਸਿੰਘ ਗਿੱਲ, ਜਨਰਲ ਕੌਂਸਲ ਦੇ ਮੈਂਬਰ ਗੁਰਚਰਨ ਸਿੰਘ ਨੰਨੜਾ, ਤਰਸੇਮ ਸਿੰਘ ਗੰਧੋਂ, ਪ੍ਰੀਤਮ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦਾ ਪਹਿਲਾ ਗੇੜ ਮੁਕੰਮਲ ਕਰਕੇ ਦੂਜੇ ਗੇੜ ਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਸਮੁੱਚੇ ਹਲਕੇ ਵਿੱਚ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਮਨੀਸ਼ ਤਿਵਾੜੀ ਦੀ ਕਾਰਗੁਜ਼ਾਰੀ ਮਹਿਜ਼ ਖਾਨਾਪੂਰਤੀ ਤੱਕ ਸੀਮਤ ਨਹੀਂ ਹੈ। ਜਿਸ ਕਾਰਨ ਇਸ ਵਾਰ ਉਹ ਹਲਕਾ ਛੱਡ ਕੇ ਹੀ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਅਕਾਲੀ ਦਲ ਦੇ ਹੱਥਾਂ ਵਿੱਚ ਸੁਰੱਖਿਅਤ ਰਹਿ ਸਕਦਾ ਹੈ। ਜਦੋਂਕਿ ਬਾਕੀ ਪਾਰਟੀਆਂ ਦਿੱਲੀ ਵਾਲਿਆਂ ਦੇ ਇਸ਼ਾਰੇ ’ਤੇ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਪੰਜਾਬ ਦੀ ਭਗੌਲਿਕ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਖ਼ੁਸ਼ਹਾਲੀ ਲਈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।
ਇਸ ਮੌਕੇ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …