Share on Facebook Share on Twitter Share on Google+ Share on Pinterest Share on Linkedin ਈਵੀਐਮ ਵੋਟ ਪ੍ਰਣਾਲੀ ਭਾਰਤ ਦੇ ਧਰਮ ਨਿਰਪੱਖ ਲੋਕਤੰਤਰ ਲਈ ਵੱਡਾ ਖ਼ਤਰਾ: ਬੀਰਦਵਿੰਦਰ ਸਿੰਘ ਧਰਮ ਨਿਰਪੱਖ ਲੋਕਤੰਤਰ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਜਨ ਅੰਦੋਲਨ ਵਿੱਢਣ ਦੀ ਲੋੜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ’ਤੇ ਕਈ ਪ੍ਰਕਾਰ ਦੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨ ਭਾਰਤ ਵਿੱਚ ਚੋਣਾਂ ਕਰਾਉਣ ਲਈ ਵਰਤੀ ਜਾਂਦੀ ਹੈ ਪ੍ਰੰਤੂ ਈਵੀਐਮ ਦੀ ਵਰਤੋਂ ਦਾ ਕੇਵਲ ਵੋਟਾਂ ਦੀ ਗਿਣਤੀ ਨੂੰ ਆਸਾਨ ਬਣਾਉਣ ਤੋਂ ਬਿਨਾਂ ਹੋਰ ਕੋਈ ਵੀ ਵੱਡਾ ਫਾਇਦਾ ਨਹੀਂ। ਅਨਪੜ੍ਹ ਜਾਂ ਵਡੇਰੀ ਉਮਰ ਦਾ ਵੋਟਰ, ਵੋਟ ਪਾਉਣ ਸਮੇਂ ਉਲਝ ਕੇ ਰਹਿ ਜਾਂਦਾ ਹੈ ਕਿ ਉਸ ਦੀ ਚਾਹਤ ਵਾਲਾ ਬਟਨ ਕਿੱਥੇ ਹੈ? ਕਈ ਵੋਟਰ ਤਾਂ ਚੋਣ ਨਿਸ਼ਾਨ ਨੂੰ ਹੀ ਅੰਗੂਠੇ ਨਾਲ ਦੱਬਦੇ ਰਹਿ ਜਾਂਦੇ ਹਨ ਜਾਂ ਫਿਰ ਥੱਕ ਹਾਰ ਕੇ ਪੋਲਿੰਗ ਏਜੰਟ ਜਾਂ ਪੋਲਿੰਗ ਅਮਲੇ ਨੂੰ ਵੋਟ ਪਾਉਣ ਦਾ ਵਾਸਤਾ ਪਾਉਂਦੇ ਹਨ। ਇੱਥੋਂ ਤੱਕ ਕਿ ਵੀਵੀ ਪੈਟ ਦੇ ਮਾਮਲੇ ਤੇ ਤਾਂ ਪੜ੍ਹੇ ਲਿਖੇ ਵੋਟਰ ਵੀ ਉਲਝ ਜਾਂਦੇ ਹਨ। ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ’ਤੇ ਇਹ ਹਾਲ ਸੀ ਕਿ ਬਟਨ ਨੱਪਿਆ ’ਤੇ ਵੋਟ ਵੀ ਪੈ ਗਈ। ਵੀਵੀ ਪੈਟ ਦੇ ਤਾਂ ਕਿਸੇ ਵੋਟਰ ਨੂੰ ਅਰਥ ਹੀ ਸਮਝ ਨਹੀਂ ਆਏ ਅਤੇ ਨਾ ਹੀ ਕਿਸੇ ਨੇ ਚੱਜ ਨਾਲ ਵੋਟਰ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪੋਲਿੰਗ ਪਾਰਟੀਆਂ ਵੀ ਇਸ ਗੱਲੋਂ ਅਣਜਾਣ ਸਨ ਕਿ ਜੇ ਕੋਈ ਵੋਟਰ ਇਤਰਾਜ਼ ਕਰੇ, ਕਿ ਮੈਂ ਜਿਸ ਨੂੰ ਵੋਟ ਪਾਈ ਹੈ ਉਹ ਉਸ ਦੀ ਬਜਾਏ ਕਿਸੇ ਹੋਰ ਉਮੀਦਵਾਰ ਦੇ ਖਾਤੇ ਵਿੱਚ ਚਲੀ ਗਈ ਹੈ, ਇਸ ਹਾਲਾਤ ਨੂੰ ਕਿਵੇਂ ਨਜਿੱਠਣਾ ਹੈ ਕਿਸੇ ਨੂੰ ਪਤਾ ਹੀ ਨਹੀਂ ਸੀ। ਵੋਟ ਪਾਉਣ ਵਾਲਿਆਂ ਨੇ ਵੀ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੀਵੀ ਪੈਟ ਵਿੱਚ ਵੋਟ ਪਰਚੀ ਵੋਟਰ ਦੇ ਹਿਸਾਬ ਨਾਲ ਸਹੀ ਸੀ ਜਾਂ ਗ਼ਲਤ।ਨਾ ਹੀ ਪੋਲਿੰਗ ਪਾਰਟੀ ਨੇ ਆਪ ਖ਼ੁਦ ਕਿਸੇ ਵੋਟਰ ਨੂੰ ਵੀ.ਵੀ. ਪੈਟ ਦੀ ਪਰਚੀ ਦਿਖਾਉਣ ਦੀ ਖੇਚਲ ਹੀ ਕੀਤੀ ਹੈ। ਹੇਰਾਫੇਰੀ ਜੋ ਵੋਟ ਸਮੇਂ ਫੜਨੀ ਸੀ ਉਸ ਵਿੱਚ ਕਿਸੇ ਨੇ ਵੀ ਕੋਈ ਚੌਕਸੀ ਨਹੀਂ ਦਿਖਾਈ। ਪੋਲਿੰਗ ਪਾਰਟੀਆਂ ਤਾਂ ਆਪ ਹੀ ਕਿਸੇ ਸਿਆਪੇ ਵਿੱਚ ਪੈਣ ਤੋਂ ਡਰਦੀਆਂ ਸਨ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਮੇਰੀ ਜਾਚੇ ਈ.ਵੀ. ਐਮ ਰਾਹੀਂ ਚੋਣਾਂ ਕਰਵਾਉਣਾ ਭਾਰਤ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਕੌਣ ਜਾਣਦਾ ਹੈ ਕਿ ਵੋਟਿੰਗ ਮਸ਼ੀਨ ਦੇ ਢਿੱਡ ਵਿੱਚ ਕੀ ਹੈ? ਇਹ ਕੇਵਲ ਇਸ ਦੇਸ਼ ਦੇ ਰਾਜਸੀ ਠੱਗਾਂ, ਜ਼ੋਰਾਵਰਾਂ ਤੇ ਬਦਮਾਸ਼ਾਂ ਨੂੰ ਪਤਾ ਹੈ, ਆਮ ਲੋਕ ਮਸ਼ੀਨਾਂ ਦੇ ਹੇਰ-ਫੇਰ ਬਾਰੇ ਕੀ ਜਾਣਦੇ ਹਨ? ਭਾਰਤ ਦੇ ਸਾਬਕਾ ਰਾਸ਼ਟਰਪਤੀ, ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਦੇਸ਼ ਦੇ ਵੱਡੇ-ਵੱਡੇ ਮਾਹਿਰ ਇੰਜੀਨੀਅਰਾਂ ਨੇ ਇਹ ਸਵਾਲ ਉਠਾਏ ਸਨ ਅਤੇ ਦਾਅਵੇ ਵੀ ਕੀਤੇ ਸਨ ਕਿ ਈਵੀ ਐਮ ਰਾਹੀਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਵਿੱਚ ਵੱਡੇ ਘਪਲੇ ਹੋਣੇ ਸੰਭਵ ਹਨ। ਇੱਥੋਂ ਤੱਕ ਕਿ ਦੇਸ਼ ਦੀਆਂ 22 ਵਿਰੋਧੀ ਪਾਰਟੀਆਂ ਨੇ ਵੀ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੱਡੇ ਤੌਖਲੇ ਪਰਗਟ ਕੀਤੇ ਸਨ, ਪਰ ਨਰਿੰਦਰ ਮੋਦੀ ਦੀ ਭਾਰਤ ਸਰਕਾਰ ਅਤੇ ਉਸ ਵੱਲੋਂ ਨਿਯੁਕਤ ਕੀਤੇ ਉਸਦੇ ਲਿਹਾਜ਼ਾ ਮੁੱਖ ਚੋਣ ਕਮਿਸ਼ਨਰ ਨੇ ਕਿਸੇ ਦੀ ਇਕ ਨਹੀਂ ਸੁਣੀਂ। ਅੰਤ ਨੂੰ ਈਵੀਐਮ ਮਸ਼ੀਨਾਂ ਨੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਹੂੰਝਾਫੇਰ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ। ਮੋਦੀ ਜਿੱਤ ਗਿਆ ਹੈ ਤੇ ਦੇਸ਼ ਦਾ ਧਰਮ-ਨਿਰਪੱਖ ਪਰਜਾਤੰਤਰ ਹਾਰ ਗਿਆ ਹੈ। ਦੇਸ਼ ਦਾ ਸੰਵਿਧਾਨ ਖ਼ਾਮੋਸ਼ ਤਮਾਸ਼ਾਈ ਬਣ ਕੇ ਤਮਾਸ਼ਾ ਦੇਖਦਾ ਰਹਿ ਗਿਆ ਹੈ। ਸੰਭਵ ਹੈ ਕਿ ਲੋਕ ਸਭਾ ਚੋਣਾਂ ਵਿੱਚ ਹੋਏ ਇਸ ਘੋਰ ਛਲ ਕਪਟ ਦੇ ਪ੍ਰਤੀਕਰਮ ਵਜੋਂ ਕੋਈ ਦੇਸ਼-ਵਿਆਪੀ ਜਨ ਅੰਦੋਲਨ ਉੱਠ ਖੜ੍ਹਾ ਹੋਵੇ ਤਾਂ ਕਿ ਭਾਰਤ ਦੇ ਧਰਮ-ਨਿਰਪੱਖ ਪਰਜਾਤੰਤਰ ਨੂੰ ਬਚਾਇਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ