
ਸਾਬਕਾ ਉਦਯੋਗ ਮੰਤਰੀ ਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਏਆਈਜੀ-ਕਮ-ਜਾਂਚ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਉਸ ਦੇ ਖ਼ਿਲਾਫ਼ ਮੁਹਾਲੀ ਦੇ ਵਿਜੀਲੈਂਸ ਥਾਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਹੈ।
ਉਧਰ, ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਸਨਅਤੀ ਪਲਾਟ ਘੁਟਾਲੇ ਵਿੱਚ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਤਾਜ਼ਾ ਮਾਮਲੇ ਵਿੱਚ ਵੀ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੀਨੀਅਰ ਆਈਏਐਸ ਅਧਿਕਾਰੀ ਸ੍ਰੀਮਤੀ ਨੀਲਿਮਾ ਸਣੇ 10 ਸੀਨੀਅਰ ਅਫ਼ਸਰਾਂ ਨੂੰ ਵੀ ਕਾਨੂੰਨ ਦੇ ਲਪੇਟੇ ਵਿੱਚ ਲਿਆ ਗਿਆ ਹੈ ਜਦੋਂਕਿ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਸੱਤ ਅਧਿਕਾਰੀਆਂ ਅੰਕੁਰ ਚੌਧਰੀ ਅਸਟੇਟ ਅਫ਼ਸਰ, ਦਵਿੰਦਰਪਾਲ ਸਿੰਘ ਜੀਐਮ ਪਰਸੋਨਲ, ਜੇਐਸ ਭਾਟੀਆ ਚੀਫ਼ ਜਨਰਲ ਮੈਨੇਜਰ (ਯੋਜਨਾਬੰਦੀ), ਆਸ਼ਿਮਾ ਅਗਰਵਾਲ ਏਟੀਪੀ (ਯੋਜਨਾਬੰਦੀ), ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਰਜਤ ਕੁਮਾਰ ਡੀਏ ਅਤੇ ਸੰਦੀਪ ਸਿੰਘ ਐਸਡੀਈ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਰੀਅਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਤਿੰਨ ਭਾਈਵਾਲਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਉਪਰੋਕਤ ਮਾਮਲੇ ਦੀ ਜਾਂਚ ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਕਰ ਰਹੇ ਸੀ ਅਤੇ ਕੁੱਝ ਦਿਨ ਪਹਿਲਾਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਕੇਸ ’ਚੋਂ ਆਪਣੀ ਖਲਾਸੀ ਕਰਵਾਉਣ ਲਈ ਜਾਂਚ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਵਿਜੀਲੈਂਸ ਨੇ ਜਾਲ ਵਿਛਾ ਕੇ ਭਾਜਪਾ ਆਗੂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ਦਿਨ ਤੋਂ ਹੀ ਅਰੋੜਾ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਵਿਜੀਲੈਂਸ ਦੇ ਜਾਂਚ ਅਧਿਕਾਰੀ ਨੂੰ ਰਿਸ਼ਵਤ ਦੇਣ ਲਈ ਇਹ ਪੈਸੇ ਮੁਹਾਲੀ ਦੇ ਇੱਕ ਨਾਮ ਰੀਅਲ ਅਸਟੇਟ ਕਾਰੋਬਾਰੀ ਨੇ ਦਿੱਤੇ ਸਨ। ਸਾਬਕਾ ਉਦਯੋਗ ਮੰਤਰੀ ਦੇ ਖ਼ਿਲਾਫ਼ ਜੇਸੀਟੀ ਕੰਪਨੀ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦਾ ਵੀ ਦੋਸ਼ ਹੈ। ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਚੁੱਕਿਆ ਸੀ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਮੁਹਾਲੀ ਦੀ ਜੇਸੀਟੀ ਫੈਕਟਰੀ ਦੀ ਬਹੁਕਰੋੜੀ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।