
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਯਤਨਾਂ ਨਾਲ ਸਾਬਕਾ ਸੈਨਿਕ ਦੀ ਵਿਧਵਾ ਨੂੰ ਬਕਾਇਆ ਪੈਸਾ ਮਿਲਿਆ: ਕਰਨਲ ਸੋਹੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ.ਐਸ. ਸੋਹੀ ਨੇ ਦਾਅਵਾ ਕੀਤਾ ਹੈ ਕਿ ਸੰਸਥਾ ਦੇ ਯਤਨਾਂ ਨਾਲ ਵਿਧਵਾ ਸੁਖਵਿੰਦਰ ਕੌਰ ਨੂੰ ਬੀਮੇ ਦਾ ਬਕਾਇਆ ਪੈਸਾ ਲੰਬੀ ਲੜਾਈ ਲੜਨ ਤੋਂ ਬਾਅਦ ਮਿਲ ਗਿਆ ਹੈ। ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੁਖਵਿੰਦਰ ਕੌਰ ਦੇ ਪਤੀ ਸਾਬਕਾ ਸੈਨਿਕ ਰਾਮ ਸਰੂਪ ਦੀ ਚਮਕੌਰ ਸਾਹਿਬ ਵਿੱਚ ਦਿਲ ਦਾ ਦੌਰਾ ਪੈਣ ਕਾਰਨ 4 ਜੂਨ 2011 ਨੂੰ ਮੌਤ ਹੋ ਗਈ ਸੀ। ਉਹਨਾਂ ਦੀ ਸੰਸਥਾ ਨੇ ਰਾਮ ਸਰੂਪ ਦੀ ਵਿਧਵਾ ਸੁਖਵਿੰਦਰ ਕੌਰ ਨੂੰ ਫੈਮਿਲੀ ਪੈਨਸ਼ਨ ਲਗਵਾ ਦਿੱਤੀ ਸੀ ਅਤੇ ਆਰਮੀ ਗਰੁੱਪ ਆਫ਼ ਇੰਸੋਰੈਂਸ ਫੰਡ ਦਾ 7 ਲੱਖ ਰੁਪਏ ਦਾ ਪੈਕੇਜ ਵੀ ਦਿਵਾਇਆ ਸੀ। ਇਹ ਸਾਰਾ ਪੈਸਾ ਸੁਖਵਿੰਦਰ ਕੌਰ, ਉਸਦੇ ਦੋ ਬੱਚਿਆਂ ਨੂੰ ਦਿੱਤਾ ਗਿਆ ਸੀ। ਸੁਖਵਿੰਦਰ ਕੌਰ ਕੋਲ ਰਹਿਣ ਲਈ ਆਪਣਾ ਕੋਈ ਮਕਾਨ ਨਹੀਂ ਸੀ ਤੇ ਅਤੇ ਆਪਣੇ ਭਰਾ ਨਾਲ ਚਮਕੌਰ ਸਾਹਿਬ ਵਿਖੇ ਰਹਿ ਰਹੀ ਸੀ। ਆਰਮੀ ਅਤੇ ਸਰਕਾਰ ਵਲੋੱ ਵਿਧਵਾ ਸੁਖਵਿੰਦਰ ਕੌਰ ਨੂੰ ਰਹਿੰਦਾ ਬਕਾਇਆ ਪੈਸਾ ਦੇਣ ਵਿੱਚ ਆਨਾਕਾਨੀ ਕੀਤੀ ਜਾ ਰਹੀ ਸੀ, ਕਿਉੱਕਿ ਪੈਸੇ ਵਿੱਚ ਰਾਮ ਸਰੂਪ ਦੇ ਮਾਪਿਆਂ ਦਾ ਵੀ ਹਿੱਸਾ ਸੀ ਪਰ ਉਸਦੇ ਮਾਪੇ ਇਸ ਸਮੇਂ ਇਸ ਦੁਨੀਆਂ ਵਿੱਚ ਨਹੀਂ ਹਨ।
ਉਨ੍ਹਾਂ ਕਿਹਾ ਕਿ ਸੁਖਵਿੰਦਰ ਕੌਰ ਦੇ ਸਹੁਰੇ ਜਸਪਾਲ ਸਿੰਘ ਦੀ ਪਹਿਲੀ ਪਤਨੀ ਅੰਗਰੇਜ ਕੌਰ ਦੀ 35 ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਕਰਕੇ ਉਸ ਨੇ ਦੂਜਾ ਵਿਆਹ ਜਸਪਾਲ ਕੌਰ ਨਾਲ ਕਰਵਾ ਲਿਆ ਸੀ। ਜਸਪਾਲ ਕੌਰ ਨੇ ਰਾਮ ਸਰੂਪ ਦੀ ਮੌਤ ਤੋਂ ਬਾਅਦ ਸੁਖਵਿੰਦਰ ਕੌਰ ਅਤੇ ਉਸਦੇ ਬੱਚਿਆਂ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ। ਜਿਸ ਕਰਕੇ ਸੰਸਥਾ ਨੇ ਜ਼ਿਲ੍ਹਾ ਸੈਨਿਕ ਬੋਰਡ ਰੋਪੜ ਕੋਲ ਕਲੇਮ ਕੀਤਾ ਕਿ ਜਦੋਂ ਸੁਖਵਿੰਦਰ ਕੌਰ ਦੀ ਸੌਤੇਲੀ ਸੱਸ ਜਸਪਾਲ ਕੌਰ ਨੇ ਉਨ੍ਹਾਂ ਨੂੰ ਘਰੋਂ ਹੀ ਕੱਢ ਦਿਤਾ ਸੀ ਤਾਂ ਹੁਣ ਜਸਪਾਲ ਕੌਰ ਮ੍ਰਿਤਕ ਰਾਮ ਸਰੂਪ ਦੇ ਪੈਸਿਆਂ ਦੀ ਹੱਕਦਾਰ ਨਹੀਂ ਬਣ ਸਕਦੀ। ਇਸ ਤਰ੍ਹਾਂ ਸੰਸਥਾ ਦੀ ਪੈਰਵਾਈ ਕਰਨ ਕਰਕੇ ਹੁਣ ਆਰਮੀ ਅਤੇ ਸਰਕਾਰ ਵੱਲੋਂ ਰਾਮ ਸਰੂਪ ਦੀ ਵਿਧਵਾ ਸੁਖਵਿੰਦਰ ਕੌਰ ਨੂੰ ਸਾਰੇ ਬਕਾਏ ਪੈਸੇ ਦੀ ਅਦਾਇਗੀ ਕਰ ਦਿੱਤੀ ਗਈ ਹੈ।