
ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ: ਡੀਸੀ ਸਪਰਾ
ਸਰਕਾਰੀ ਦਫ਼ਤਰਾਂ ਵਿੱਚ ਸਾਬਕਾ ਸੈਨਿਕਾਂ ਨੂੰ ਮਿਲੇਗਾ ਪੂਰਾ ਮਾਣ ਸਤਿਕਾਰ
ਸੈਨਿਕ ਸਦਨ ਮੁਹਾਲੀ ਵਿੱਚ ਸਾਬਕਾ ਸੈਨਿਕਾਂ/ਵਿਧਵਾਵਾਂ ਲਈ ਵੈਟਰਨ ਸਹਾਇਤਾ ਕੇਂਦਰ ਦੀ ਸਥਾਪਨਾ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸੈਨਿਕ ਸਦਨ ਵਿਖੇ ਹੋਈ ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਸਰਕਾਰੀ ਦਫਤਰਾਂ ਵਿੱਚ ਸਾਬਕਾ ਸੈਨਿਕਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸੈਨਿਕ ਸਦਨ ਮੁਹਾਲੀ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿਹਾ ਕਿ ਹਰ ਤਿਮਾਹੀ ਬਾਅਦ ਬੋਰਡ ਦੀ ਮੀਟਿੰਗ ਹੋਇਆ ਕਰੇਗੀ। ਜਿਸ ਵਿੱਚ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ ਤਾਂ ਜੋ ਸਾਬਕਾ ਸੈਨਿਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀਮਤੀ ਸਪਰਾ ਨੇ ਇਸ ਮੌਕੇ ਦੱਸਿਆ ਕਿ ਮੁਹਾਲੀ ਵਿਖੇ ਬਣਿਆ ਸੈਨਿਕ ਸਦਨ ਦੇਸ਼ ’ਚ ਅਪਣੀ ਵਿਲੱਖਣ ਕਿਸਮ ਦਾ ਸੈਨਿਕ ਸਦਨ ਹੈ। ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਇੱਕੋ ਛੱਤ ਥੱਲੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ /ਵਿਧਵਾਵਾਂ ਲਈ ਸਥਾਪਿਤ ਕੀਤੇ ਵੈਟਰਨ ਸਹਾਇਤਾ ਕੇਂਦਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਲਾਘਾ ਯੋਗ ਕਦਮ ਹੈ। ਜਿੱਥੇ ਕਿ ਸਾਬਕਾ ਸੈਨਿਕ ਆਪਣੀਆਂ ਦਰਪੇਸ ਸਮੱਸਿਆਵਾਂ ਵੀ ਦੱਸ ਸਕਦੇ ਹਨ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ’ਚ ਰਹਿ ਰਹੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਪੈਨਸਨ ਜਾਂ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਸੈਨਿਕ ਸਦਨ ਵਿਖੇ ਸਥਾਪਿਤ ਕੀਤੇ ਵੈਟਰਨ ਸਹਾਇਤਾ ਕੇਂਦਰ ’ਚ ਆਪਣੀ ਸਮੱਸਿਆ ਦੱਸ ਸਕਦੇ ਹਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ (ਸੇਵਾਮੁਕਤ)ਪਰਮਿੰਦਰ ਸਿੰਘ ਬਾਜਵਾ ਨੇ ਸੈਨਿਕ ਸਦਨ ਦੀ ਕਾਰਗੁਜਾਰੀ ਬਾਰੇ ਦੱਸਦਿਆਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਨਾਨ ਪੈਨਸਨਰ ਸਾਬਕਾ ਫੌਜੀਆਂ/ਵਿਧਵਾਵਾਂ ਨੂੰ 15 ਲੱਖ 20 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਸੈਨਿਕ ਸਦਨ ਦੀ ਇਮਾਰਤ ਤੇ ਹੁਣ ਤੱਕ 3 ਕਰੋੜ 90 ਲੱਖ ਰੁਪਏ ਖਰਚ ਕੀਤੇ ਗਏ ਹਨ। ਸੈਨਿਕ ਸਦਨ ਵਿੱਚ ਸੈਨਿਕ ਰੈਸਟ ਹਾਊਸ ਵੀ ਬਣਾਇਆ ਗਿਆ ਹੈ। ਜਿਸ ਵਿੱਚ 12 ਕਮਰੇ ਹਨ ਅਤੇ ਇੱਥੇ ਜਿੰਮ ਵੀ ਬਣਾਇਆ ਗਿਆ ਹੈ ਅਤੇ ਹੁਣ ਹੋਰਨਾ ਜ਼ਿਲ੍ਹਿਆਂ ਤੋਂ ਆਉਣ ਵਾਲੇ ਸਾਬਕਾ ਸੈਨਿਕਾਂ ਨੂੰ ਠਹਿਰਣ ਦੀ ਸਮੱਸਿਆ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਸੈਨਿਕ ਸਦਨ ਵਿਖੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੌਜੀ ਸੈਂਟਰ ਵੀ ਚਲ ਰਿਹਾ ਹੈ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ।
ਜਿਸ ਵਿੱਚ ਸਾਬਕਾ ਫੌਜੀਆਂ, ਵਿਧਵਾਵਾਂ, ਉਨ੍ਹਾਂ ਦੇ ਬੱਚਿਆਂ ਅਤੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਦੇ ਬੱਚਿਆਂ ਨੂੰ ਪੇਸ਼ੇਵਰ ਅਤੇ ਡਿਗਰੀ ਕੰਪਿਊਟਰ ਕੋਰਸ ਆਦਿ ਕਰਵਾਏ ਜਾਂਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਨਾਨ ਪਲਾਨ ਅਤੇ ਪਲਾਨ ਬਜਟ ਦੀਆਂ ਸਾਰੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਆਨ ਲਾਈਨ ਪੇਮੈਂਟ ਕੀਤੀ ਜਾਂਦੀ ਹੈ। ਸ੍ਰੀ ਬਾਜਵਾ ਨੇ ਦੱਸਿਆ ਕਿ ਕੋਈ ਵੀ ਸਾਬਕਾ ਫੌਜੀ ਜਾਂ ਵਿਧਵਾਵਾਂ ਨੁੂੰ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸੈਨਿਕ ਸਦਨ ਦੇ ਫੋਨ ਨੰਬਰ 0172-4650016 ਤੇ ਵੀ ਸੰਪਰਕ ਕਰ ਸਕਦੇ ਹਨ।
ਸ੍ਰੀ ਬਾਜਵਾ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੀ ਸਹੂਲਤ ਲਈ ਸੈਨਿਕ ਸਦਨ ਵਿਖੇ ਸੀ.ਐਸ.ਡੀ. ਕੰਟੀਨ ਵੀ ਵੈਸਟਰਨ ਕਮਾਂਡ ਵੱਲੋਂ ਚਲਾਈ ਜਾ ਰਹੀ ਹੈ। ਜਿਸ ਦਾ ਸਾਬਕਾ ਸੈਨਿਕਾਂ ਨੂੰ ਵੱਡਾ ਲਾਭ ਹੋਇਆ ਹੈ। ਮੀਟਿੰਗ ਵਿੱਚ ਜਰਨਲ (ਸੇਵਾ ਮੁਕਤ) ਰਾਜ ਮਹਿਤਾ, ਕਰਨਲ(ਸੇਵਾਮੁਕਤ)ਹਰਦੇਵ ਸਿੰਘ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਬ੍ਰਗੇਡੀਅਰ ਅਮਰਦੀਪ ਸਿੰਘ ਗਰੇਵਾਲ, ਡਾਇਰੈਕਟਰ ਵੈਟਰਨ ਸਹਾਇਤਾ ਕੇਂਦਰ, ਲੈਫਟੀਨੈਂਟ(ਸੇਵਾ ਮੁਕਤ)ਐਸ.ਐਸ.ਸੋਹੀ ਪ੍ਰਧਾਨ ਐਕਸ ਸਰਵਿਸਮੈਨ ਗਰੀਵੈਂਸੀਜ ਸੈਲ, ਕੈਪਟਨ ਹਰਪਾਲ ਸਿੰਘ, ਲੈਫਟੀਨੈਂਟ ਕਰਨਲ ਬੀ.ਐਸ. ਸੰਧੂ, ਐਸਡੀਐਮ ਆਰ.ਪੀ. ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਭਾਸ ਮਹਾਜਨ, ਡੀ.ਐਫ.ਐਸ.ਸੀ. ਸ੍ਰੀਮਤੀ ਹਰਵੀਨ ਕੌਰ, ਡੀ.ਡੀ.ਪੀ.ਓ. ਡੀ.ਕੇ. ਸਾਲਦੀ, ਏ.ਡੀ.ਟੀ.ਓ. ਸਿਮਰਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।