Nabaz-e-punjab.com

ਸਿੱਖਿਆ ਬੋਰਡ ਦੇ ਚੇਅਰਮੈਨ ਦੀ ਅਗਵਾਈ ਹੇਠ ਉਡਣ ਦਸਤਿਆਂ ਦੀਆਂ ਟੀਮਾਂ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਮੁਹਾਲੀ ਵਿੱਚ ਉੱਤਰ ਪੱਤਰੀਆਂ ਦੇ ਮੁਲਾਂਕਣ ਕੇਂਦਰ ਦਾ ਵੀ ਲਿਆ ਜਾਇਜ਼ਾ, ਤਸੱਲੀ ਪ੍ਰਗਟਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੀਨੀਅਰ ਸੈਕੰਡਰੀ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ 11 ਉਡਣ ਦਸਤਿਆਂ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਸਮੇਤ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੀਖਿਆ ਕੇਂਦਰਾਂ ਵਿੱਚ ਛਾਪੇਮਾਰੀ ਕਰ ਕੇ ਅਚਨਚੇਤ ਚੈਕਿੰਗ ਕੀਤੀ ਗਈ।
ਵੇਰਵਿਆਂ ਅਨੁਸਾਰ ਸਿੱਖਿਆ ਬੋਰਡ ਮੁਖੀ ਨੇ ਪ੍ਰੀਖਿਆ ਸ਼ੁਰੂ ਹੁੰਦੇ ਸਾਰ ਹੀ ਸ਼ਹਿਰ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਸ਼ਾਸਤਰੀ ਮਾਡਲ ਸਕੂਲ ਦਾ ਦੌਰਾ ਕੀਤਾ। ਜਿੱਥੇ 37 ਵਿਦਿਆਰਥੀ ਗਣਿਤ ਦੀ ਪ੍ਰੀਖਿਆ ਦੇ ਰਹੇ ਸਨ ਅਤੇ ਇੱਥੇ ਇੱਕ ਵੀ ਕੇਸ ਨਕਲ ਦਾ ਨਹੀਂ ਫੜਿਆ ਗਿਆ ਅਤੇ ਪ੍ਰੀਖਿਆ ਦਾ ਅਮਲ ਸੁਚਾਰੂ ਢੰਗ ਨਾਲ ਚਲ ਰਿਹਾ ਸੀ। ਇਸ ਮਗਰੋਂ ਚੇਅਰਮੈਨ ਸ੍ਰੀ ਕਲੋਹੀਆ ਨੇ ਆਪਣੀ ਟੀਮ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ2 ਵਿੱਚ ਸਥਿਤ ਦੋ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਚੈਕਿੰਗ ਕੀਤੀ। ਇਸ ਸੰਸਥਾ ਵਿੱਚ ਇੱਕ ਪ੍ਰੀਖਿਆ ਕੇਂਦਰ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਦਾ ਵੀ ਸੀ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ 260 ਵਿਦਿਆਰਥੀ ਅਪੀਅਰ ਹੋਏ। ਚੇਅਰਮੈਨ ਨੇ ਇਸੇ ਸੰਸਥਾ ਵਿੱਚ ਚੱਲ ਰਹੇ ਉੱਤਰ ਪੱਤਰੀਆਂ ਦੇ ਮੁਲਾਂਕਣ ਕੇਂਦਰ ਦਾ ਵੀ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟਾਈ।
ਉਧਰ, ਜ਼ਿਲ੍ਹਾ ਤਰਨਤਾਰਨ ਵਿੱਚ ਉਡਣ ਦਸਤੇ ਦੀ ਟੀਮ ਦੀ ਅਗਵਾਈ ਇੰਦਰਪਾਲ ਸਿੰਘ ਮਲਹੋਤਰਾ, ਜ਼ਿਲ੍ਹਾ ਗੁਰਦਾਸਪੁਰ ਵਿੱਚ ਐਸਡੀਓ ਪਰਮਜੀਤ ਸਿੰਘ ਵਾਲੀਆ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਐਸਡੀਓ ਮਾਨ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਹਾਇਕ ਸਕੱਤਰ ਗੁਰਪ੍ਰੇਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਹਾਇਕ ਸਕੱਤਰ ਦਸਵਿੰਦਰ ਸਿੰਘ ਸਹੋਤਾ, ਜ਼ਿਲ੍ਹਾ ਜਲੰਧਰ ਵਿੱਚ ਸਹਾਇਕ ਸਕੱਤਰ ਮਨਜੀਤ ਕੌਰ, ਜ਼ਿਲ੍ਹਾ ਸੰਗਰੂਰ ਵਿੱਚ ਸਹਾਇਕ ਸਕੱਤਰ ਇਕਬਾਲ ਸਿੰਘ, ਜ਼ਿਲ੍ਹਾ ਬਠਿੰਡਾ ਵਿੱਚ ਆਡੀਟਰ ਕਮਲਜੀਤ ਸਿੰਘ, ਜ਼ਿਲ੍ਹਾ ਫਾਜ਼ਿਲਕਾ ਵਿੱਚ ਆਡੀਟਰ ਯੁੱਧਵੀਰ ਸਿੰਘ ਚੌਹਾਨ ਅਤੇ ਜ਼ਿਲ੍ਹਾ ਲੁਧਿਆਣਾ ਟੀਮ ਦੀ ਅਗਵਾਈ ਏਪੀਓ ਰਜਨੀਸ਼ ਕੁਮਾਰ ਨੇ ਕੀਤੀ ਅਤੇ ਇੱਥੇ ਵੀ ਕੋਈ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਐਤਕੀਂ ਬੋਰਡ ਮੈਨੇਜਮੈਂਟ ਵੱਲੋਂ ਨਕਲ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਇਸ ਸਬੰਧੀ ਪ੍ਰੀਖਿਆ ਅਮਲੇ ਸਮੇਤ ਹੋਰ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…