Nabaz-e-punjab.com

ਪੰਜਾਬ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਸ਼ੁਰੂ, ਪਹਿਲੇ ਦਿਨ ਪੰਜਾਬੀ ਵਿਸ਼ੇ ਦੀ ਹੋਈ ਪ੍ਰੀਖਿਆ

ਭਾਰਤ-ਪਾਕਿ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਪ੍ਰੀਖਿਆਵਾਂ ’ਤੇ ਕੋਈ ਅਸਰ ਨਹੀਂ: ਕਲੋਹੀਆ

ਸਿੱਖਿਆ ਬੋਰਡ ਦੇ ਚੇਅਰਮੈਨ ਕਲੋਹੀਆ ਤੇ ਵਾਈਸ ਚੇਅਰਮੈਨ ਸਚਦੇਵਾ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਜਾਣ ਵਾਲੀ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਅਤੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਅੱਜ ਬਾਅਦ ਦੁਪਹਿਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਅਚਨਚੇਤ ਦੌਰੇ ਕਰਕੇ ਚੈਕਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪ੍ਰੀਖਿਆਰਥੀਆਂ ਨਾਲ ਵੀ ਸਿੱਧੀ ਗੱਲ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਕਲੋਹੀਆ ਅੱਜ ਮੀਡੀਆ ਟੀਮ ਨੂੰ ਆਪਣੇ ਨਾਲ ਲੈ ਕੇ ਸਭ ਤੋਂ ਪਹਿਲਾਂ ਬੀਐਚਐਸ ਆਰੀਆ ਸਕੂਲ ਸੋਹਾਣਾ ਵਿੱਚ ਪਹੁੰਚੇ ਅਤੇ ਪ੍ਰੀਖਿਆ ਕੇਂਦਰ ਦੀ ਚੈਕਿੰਗ ਕੀਤੀ। ਇਸ ਮਗਰੋਂ ਇੱਥੋਂ ਦੇ ਸੈਕਟਰ-70 ਸਥਿਤ ਸੰਤ ਈਸਰ ਸਿੰਘ ਪਬਲਿਕ ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਤੇ ਦੋਵੇਂ ਥਾਵਾਂ ਉੱਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਸ ਉਪਰੰਤ ਚੇਅਰਮੈਨ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਦੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਰਡ ਮੁਖੀ ਨੇ ਸਪੱਸ਼ਟ ਕੀਤਾ ਕਿ ਭਾਰਤ-ਪਾਕਿਸਤਾਨ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਸਾਲਾਨਾ ਪ੍ਰੀਖਿਆਵਾਂ ’ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਸਰਹੱਦੀ ਖੇਤਰ ਦੇ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਐਤਕੀਂ ਬੋਰਡ ਮੈਨੇਜਮੈਂਟ ਵੱਲੋਂ ਨਕਲ ਰਹਿਣ ਪ੍ਰੀਖਿਆਵਾਂ ਕਰਵਾਉਣ ਦਾ ਤਹੱਈਆ ਕੀਤਾ ਗਿਆ ਹੈ ਅਤੇ ਨਕਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ 270 ਉਡਣ ਦਸਤੇ ਬਣਾਏ ਗਏ ਹਨ। ਜਿਨ੍ਹਾਂ ਨੂੰ ਬੀਟਾਂ ਦੀ ਵੰਡ ਕਰਕੇ ਡਿਊਟੀਆਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਓਵਰਆਲ ਇੰਚਾਰਜ ਹੋਣਗੇ। ਉਨ੍ਹਾਂ ਦੱਸਿਆ ਕਿ ਉਡਣ ਦਸਤਿਆਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੈਕਿੰਗ ਦੌਰਾਨ ਪ੍ਰੀਖਿਆ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਤਲਾਸ਼ੀ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਨਾ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਹਰੇਕ ਪ੍ਰੀਖਿਆ ਕੇਂਦਰ ਵਿੱਚ 1-1 ਸੁਪਰਡੈਂਟ ਅਤੇ ਅਬਜ਼ਰਵਰ ਸਮੇਤ ਸਬੰਧਤ ਪ੍ਰੀਖਿਆ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ। ਅਬਜ਼ਰਵਰਾਂ ਦੀ ਰੋਜ਼ਾਨਾ ਡਿਊਟੀ ਚੇਂਜ ਹੋਵੇਗੀ ਜਦੋਂਕਿ ਡਿਪਟੀ ਕੰਟਰੋਲਰ (ਵਿਜੀਲੈਂਸ) ਪ੍ਰੀਖਿਆ ਕੇਂਦਰਾਂ ਦੇ ਬਾਹਰ ਅਮਨ ਕਾਨੂੰਨ ਅਤੇ ਬਾਹਰਲੀ ਦਖ਼ਲਅੰਦਾਜ਼ੀ ਨੂੰ ਠੱਲ੍ਹ ਪਾਉਣ ਲਈ ਡਿਊਟੀ ਦੇਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਐਤਕੀਂ 3 ਲੱਖ 13 ਹਜ਼ਾਰ 202 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਦੇ ਰਹੇ ਹਨ। ਇਸ ਸਬੰਧੀ ਪੰਜਾਬ ਭਰ ਵਿੱਚ 2484 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ’ਚੋਂ 176 ਸੰਵੇਦਨਸ਼ੀਲ ਅਤੇ 72 ਕੇਂਦਰਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆਂ ਗਿਆ ਹੈ। ਇਨ੍ਹਾਂ ਥਾਵਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਕੀਤੀ ਗਈ ਹੈ। ਪਹਿਲੇ ਦਿਨ ਕਿਸੇ ਪਾਸਿਓਂ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…