
ਉਮੀਦਵਾਰ ਨੂੰ ਉਸਦੇ ਕੀਤੇ ਗਏ ਕੰਮ ਦੇ ਰਿਪੋਰਟ ਕਾਰਡ ਦੇ ਅਧਾਰ ਤੇ ਪਰਖੋ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, 29 ਜਨਵਰੀ::
ਲੋਕਾਂ ਨੂੰ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਕੇ ਅਤੇ ਸੁਸਾਇਟੀ ਵਿਚ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਦੇ ਬਾਰੇ ਪੁੱਛਣਾ ਚਾਹੀਦਾ ਹੈ | ਕਿਸੇ ਵੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਕਿਸ ਉਮੀਦਵਾਰ ਨੇ ਉਨ੍ਹਾਂ ਲਈ ਕੰਮ ਕੀਤਾ ਹੈ ਅਤੇ ਕਿਸਨੇ ਨਹੀਂ |
ਮੋਹਾਲੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬੀਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਲਖਨੌਰ ਪਿੰਡ ਵਿਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ |
ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਰਿਪੋਰਟ ਕਾਰਡ ਦੇ ਅਧਾਰ ਤੇ ਤੁਹਾਡਾ ਸਮਰਥਨ ਮੰਗ ਰਹੇ ਹਾਂ | ਅਸੀਂ ਸਿੱਰ ਉੱਚਾ ਕਰਕੇ ਕਹਿ ਸਕਦੇ ਹਾਂ ਕਿ ਅਸੀਂ ਮੋਹਾਲੀ ਚੋਣ ਖੇਤਰ ਵਿਚ ਕਈ ਵਿਕਾਸ ਕਾਰਜ ਕੀਤੇ ਹਨ | ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਦੇ ਲਈ ਸਮਾਨ ਮਾਪਦੰਡਾਂ ਦੀ ਵਰਤੋਂ ਕੀਤੀ ਗਈ ਹੈ |
ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕੀਤਾ ਹੈ ਉਹ ਸਭ ਤੁਹਾਡੇ ਸਾਹਮਣੇ ਹੈ | ਤੁਹਾਨੂੰ ਹਰ ਉਮੀਦਵਾਰ ਕੋਲੋਂ ਉਨ੍ਹਾਂ ਦਾ ਰਿਪੋਰਟ ਕਾਰਡ ਮੰਗਣ ਦਾ ਅਧਿਕਾਰ ਹੈ | ਸਿੱਧੂ ਨੇ ਕਿਹਾ ਕਿ ਆਪ ਪਾਰਟੀ ਦੇ ਉਮੀਦਵਾਰ ਆਪਣੇ ਸੈਕਟਰ ਦੇ ਲੋਕਾਂ ਨੂੰ ਖੁਸ਼ ਨਹੀਂ ਰੱਖ ਸਕ ਤਾਂ ਤੁਸੀਂ ਆਪਣੇ ਖੇਤਰ ਦੇ ਵਿਕਾਸ ਲਈ ਉਨ੍ਹਾਂ ਕੋਲੋਂ ਕੀ ਆਸ ਕਰ ਸਕਦੇ ਹੋ | ਮੇਰੇ ਲਈ ਮੇਰਾ ਪੂਰਾ ਚੋਣ ਇਲਾਕਾ ਮੇਰਾ ਘਰ ਅਤੇ ਪਰਿਵਾਰ ਹੈ ਅਤੇ ਪੂਰੇ ਤਨ ਮਨ ਦੇ ਨਾਲ ਇਨ੍ਹਾਂ ਦੀ ਸੇਵਾ ਕਰਨਾ ਮੇਰਾ ਫਰਜ ਹੈ | ਜੇਕਰ ਮੇਰੇ ਕਹਿਣ ਅਤੇ ਕਰਨ ਵਿਚ ਕੋਈ ਫਰਕ ਲੱਗਦਾ ਹੈ ਤਾਂ ਮੈਨੂੰ ਤੁਹਾਡੀ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ ਪਰ ਜੇਕਰ ਮੈਂ ਤੁਹਾਡੀਆਂ ਆਸਾਂ ਦੇ ਅਨੁਸਾਰ ਖਰਾ ਉਤਰਿਆ ਹਾਂ ਤਾਂ ਮੈਨੂੰ ਤੁਹਾਡੀ ਸੇਵਾ ਦੇ ਲਈ ਫਿਰ ਤੋਂ ਤੁਹਾਡਾ ਸਮਰਥਨ ਮੰਗਣ ਦਾ ਪੂਰਾ ਹੱਕ ਹੈ |
ਅਕਾਲੀਆਂ ਨੇ 10 ਸਾਲ ਪੰਜਾਬ ਵਿਚ ਜਿਹੜਾ ਵਿਨਾਸ਼ ਕੀਤਾ ਹੈ ਉਹ ਤੁਹਾਡੇ ਸਾਰਿਆਂ ਸਾਹਮਣੇ ਹੈ ਅਤੇ ਕਾਂਗਰਸ ਨੇ ਪਿਛਲੇ 5 ਸਾਲਾਂ ਵਿਚ ਜਿਹੜਾ ਵਿਕਾਸ ਕੀਤਾ ਹੈ ਉਹ ਵੀ ਤੁਹਾਡੇ ਸਾਹਮਣੇ ਹੈ | ਹੁਣ ਤੁਹਾਡੀ ਵਾਰੀ ਹੈ ਤੁਸੀਂ ਅਜਿਹੀ ਪਾਰਟੀ ਨੂੰ ਸਪੋਰਟ ਕਰੋ ਜਿਹੜੀ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ |
ਬਾਅਦ ਵਿਚ ਕੁੰਭੜਾ ਪਿੰਡ ਵਿਚ ਇੱਕ ਮੁਸਲਿਮ ਭਾਈਚਾਰੇ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਸਾਰੀਆਂ ਬਿਰਾਦਰੀਆਂ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਗਿਆ | ਤੁਸੀਂ ਹਰ ਵਾਰ ਮੇਰਾ ਸਾਥ ਦਿੱਤਾ ਹੈ ਅਤੇ ਹੁਣ ਮੈਂ ਫਿਰ ਤੋਂ ਤੁਹਾਡਾ ਸਮਰਥਨ ਮੰਗਣ ਆਇਆ ਹਾਂ | ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਜੇਕਰ ਮੈਂ ਦੁਬਰਾ ਚੁਣਿਆ ਗਿਆ ਤਾਂ ਮੈਂ ਆਪਣੀ ਪੂਰੀ ਮਿਹਨਤ ਅਤੇ ਸਮਰਪਣ ਨਾਲ ਤੁਹਾਡੇ ਸਾਰਿਆਂ ਦੀ ਸੇਵਾ ਕਰਾਂਗਾ |
ਇਸ ਮੌਕੇ ਤੇ ਬੋਲਦੇ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਰਾਣਾ ਨੇ ਕਿਹਾ ਕਿ ਮੋਹਾਲੀ ਹੁਣ ਅੰਤਰਰਾਸ਼ਟਰੀ ਪੱਧਰ ਤੇ ਹੈ ਤਾਂ ਇਹ ਕਾਂਗਰਸ ਅਤੇ ਬਲਬੀਰ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੈ | ਕਾਂਗਰਸ ਪੰਜਾਬ ਵਿਚ ਫਿਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਬਲਬੀਰ ਸਿੱਧੂ ਨੂੰ ਆਪਣੇ ਵਿਧਾਇਕ ਦੇ ਰੂਪ ਵਿਚ ਚੁਣਨਾ ਤੁਹਾਡੀ ਜਿੰਮੇਦਾਰੀ ਹੈ | ਨਵੇਂ ਉਮੀਦਵਾਰਾਂ ਦਾ ਪਰੀਖਣ ਕਰਨ ਦੀ ਬਜਾਏ ਤੁਹਾਨੂੰ ਸਿੱਧੂ ਜਿਹੇ ਵਿਸ਼ਵਾਸਯੋਗ ਨੇਤਾ ਦਾ ਸਮਰਥਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਮਿਸ਼ਨ ਖੇਤਰ ਤੇ ਉਸਦੇ ਲੋਕਾਂ ਦੀ ਸੇਵਾ ਕਰਨਾ ਹੈ |
ਰਾਣਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਪ੍ਰਤੀ ਜਨਤਾ ਦੀਆਂ ਮੌਜੂਦਾ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਹਾਂ ਕਿ ਚੋਣ ਵਿਚ ਬਲਬੀਰ ਸਿੰਘ ਦੀ ਜਿੱਤ ਦਾ ਅੰਤਰ ਪੰਜਾਬ ਦੀਆਂ 117 ਸੀਟਾਂ ਵਿਚ ਸਭ ਤੋਂ ਜਿਆਦਾ ਹੋਵੇਗਾ |