Nabaz-e-punjab.com

ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵੀ ਮਿਸਾਲ, ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੀ ਸ਼ਾਬਾਸ਼

ਬੋਰਡ ਦੇ ਇਤਿਹਾਸ ’ਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 10ਵੀਂ ਤੇ ਬਾਰ੍ਹਵੀਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ: ਕ੍ਰਿਸ਼ਨ ਕੁਮਾਰ

ਸਕੂਲ ਮੁਖੀਆਂ ਦੀ ਯੋਜਨਾਬੰਦੀ ਨੂੰ ਅਧਿਆਪਕਾਂ ਵੱਲੋਂ ਸਫਲਤਾਪੂਰਵਕ ਲਾਗੂ ਕਰਨ ਦਾ ਨਤੀਜਾ ਆਇਆ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਤਕੀਂ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਗੁਣਾਤਮਿਕ ਸਿੱਖਿਆ ਦੀ ਝਲਕਦੀ ਨਜ਼ਰ ਆਈ ਹੈ। ਜਿਵੇਂ ਪਿਛਲੇ ਦਿਨੀਂ ਜਾਰੀ ਦਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਾਈਵੇਟ ਸਕੂਲਾਂ ਤੋਂ ਕਾਫੀ ਬਿਹਤਰ ਸੀ, ਉਵੇਂ ਬਾਰ੍ਹਵੀਂ ਦੇ ਅੱਜ ਜਾਰੀ ਨਤੀਜਿਆਂ ਵਿੱਚ ਵੀ ਸਰਕਾਰੀ ਸਕੂਲਾਂ ਨੇ ਬਾਜੀ ਮਾਰ ਲਈ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਬਾਰ੍ਹਵੀਂ ਦੇ ਸ਼ਾਨਦਾਰ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸਾਲ ਸਿੱਖਿਆ ਬੋਰਡ ਦੀਆਂ ਸਾਰੀਆਂ ਕਲਾਸਾਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਸਲਾਹੁਣਯੋਗ ਪ੍ਰਦਰਸ਼ਨ ਕਰ ਕੇ ਨਵਾਂ ਇਤਿਹਾਸ ਸਿਰਜਿਆ ਹੈ ਜੋ ਕਿ ਸਿੱਖਿਆ ਵਿਭਾਗ ਲਈ ਗੌਰਵ ਤੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਸਕੂਲ ਮੁਖੀਆਂ ਅਤੇ ਮੁੱਖ ਅਧਿਆਪਕਾਂ ਅਤੇ ਵਿਸ਼ਾ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਯੋਗ ਯੋਜਨਾਬੰਦੀ ਕੀਤੀ ਅਤੇ ਮਿਹਨਤੀ ਅਧਿਆਪਕਾਂ ਨੇ ਸਫਲਤਾਪੂਰਵਕ ਤੇ ਸੁਚਾਰੂ ਢੰਗ ਨਾਲ ਲਾਗੂ ਕਰਕੇ ਅੱਵਲ ਪਰਿਣਾਮ ਹਾਸਲ ਕੀਤੇ ਹਨ। ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ 86.41 ਫੀਸਦੀ ਰਹੇ ਹਨ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 20 ਫੀਸਦੀ ਵੱਧ ਆਏ ਹਨ। ਸਾਲ 2018 ਵਿੱਚ ਇਹ ਨਤੀਜੇ 65.97 ਫੀਸਦੀ ਸਨ। ਇਸ ਤੋਂ ਇਲਾਵਾ ਪਹਿਲੀ ਵਾਰ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਵੱਧ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਹੈ ਜੋ ਕਿ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜਾਰੀ ਨੂੰ ਦਰਸਾਉਂਦੇ ਹਨ। ਉਨ੍ਹਾਂ ਸਿੱਖਿਆ ਅਧਿਕਾਰੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਟੇਟ ਨੋਡਲ ਅਫ਼ਸਰਾਂ, ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਮੂਹ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧੀਆ ਨਤੀਜਿਆਂ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਵਾਰ ਦੇ ਨਤੀਜਿਆਂ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਸਾਫ਼ ਝਲਕਦਾ ਹੈ ਕਿ ਸਾਇੰਸ ਗਰੁੱਪ ਵਿੱਚ 83.44 ਫੀਸਦੀ ਨਤੀਜਾ ਆਇਆ ਹੈ ਜੋ ਕਿ ਪਿਛਲੇ ਸਾਲ ਦੇ ਨਤੀਜੇ ਨਾਲੋਂ 24.56 ਫੀਸਦੀ ਵੱਧ ਹੈ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਇੰਸ ਗਰੁੱਪ ਵਿੱਚ ਮੈਡੀਕਲ ਅਤੇ ਨਾਨ-ਮੈਡੀਕਲ ਨੂੰ ਵੱਖ ਕਰਕੇ ਦੇਖੀਏ ਤਾਂ ਪਿਛਲੇ ਸਾਲ ਨਾਲੋਂ ਮੈਡੀਕਲ ਦਾ ਨਤੀਜਾ 22.5 ਫੀਸਦੀ ਵੱਧ ਅਤੇ ਨਾਨ ਮੈਂਡੀਕਲ ਦਾ 26 ਫੀਸਦੀ ਨਤੀਜਾ ਵੱਧ ਆਇਆ ਹੈ। ਇੰਝ ਹੀ ਆਰਟਸ ਗਰੁੱਪ ਵਿੱਚ ਪਿਛਲੇ ਸਾਲ ਨਾਲੋਂ 18 ਫੀਸਦੀ ਨਤੀਜਾ ਵੱਧ ਹੈ। ਪਿਛਲੇ ਸਾਲ ਆਰਟਸ ਗਰੁੱਪ ਦਾ ਨਤੀਜਾ 68.46 ਸੀ ਅਤੇ ਇਸ ਸਾਲ ਇਹ ਨਤੀਜਾ 86.4 ਫੀਸਦੀ ਆਇਆ ਹੈ। ਕਾਮਰਸ ਗਰੁੱਪ ਦਾ ਨਤੀਜਾ 90.34 ਫੀਸਦੀ ਆਇਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 5 ਫੀਸਦੀ ਵੱਧ ਹੈ। ਇੰਝ ਹੀ ਜੇਕਰ ਵਿਸ਼ਾ ਵਾਇਜ਼ ਅੰਕੜਿਆਂ ਤੇ ਝਾਤ ਮਾਰੀਏ ਤਾਂ ਇਸ ਸਾਲ ਕਮਿਸਟਰੀ ਵਿਸ਼ੇ ਵਿੱਚ 24 ਫੀਸਦੀ ਨਤੀਜੇ ਦਾ ਵਾਧਾ ਦਰਜ ਕੀਤਾ ਗਿਆ ਹੈ। ਗਣਿਤ ਵਿੱਚ 18 ਫੀਸਦੀ, ਫਿਜ਼ਿਕਸ ਵਿੱਚ 17.5 ਫੀਸਦੀ, ਜੀਵ ਵਿਗਿਆਨ ਵਿੱਚ 15 ਫੀਸਦੀ, ਇਤਿਹਾਸ ਵਿੱਚ 11 ਫੀਸਦੀ, ਰਾਜਨੀਤੀ ਸ਼ਾਸ਼ਤਰ ਵਿੱਚ 10 ਫੀਸਦੀ ਨਤੀਜਾ ਵਧਿਆ ਹੈ। ਇਸ ਸਾਲ ਅੰਗਰੇਜ਼ੀ ਦਾ 12 ਫੀਸਦੀ ਨਤੀਜਾ ਵਧਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…