Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ 5ਵੀਂ, 8ਵੀਂ,10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਣਗੇ 13 ਲੱਖ ਤੋਂ ਵੱਧ ਬੱਚੇ ਅੱਠਵੀਂ ਤੇ ਬਾਰ੍ਹਵੀਂ ਦੀ 3 ਮਾਰਚ, ਪੰਜਵੀਂ ਦੀ 14 ਮਾਰਚ ਤੇ ਦਸਵੀਂ ਦੀ 17 ਮਾਰਚ ਤੋਂ ਹੋਵੇਗੀ ਪ੍ਰੀਖਿਆ ਸ਼ੁਰੂ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਵਿਦਿਆਰਥੀਆਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ ਕੀਤੇ: ਕੰਟਰੋਲਰ ਪ੍ਰੀਖਿਆਵਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਲਗਭਗ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੇਅਰਮੈਨ ਕ੍ਰਿਸ਼ਨ ਕੁਮਾਰ ਅਤੇ ਡੀਜੀਐਸਈ ਮੁਹੰਮਦ ਤਈਅਬ ਹਰ ਪਹਿਲੂ ’ਤੇ ਨਜ਼ਰ ਰੱਖ ਰਹੇ ਹਨ। ਬੋਰਡ ਅਧਿਕਾਰੀ ਅਤੇ ਦਫ਼ਤਰੀ ਕਰਮਚਾਰੀ ਦੇਰ ਰਾਤ ਤੱਕ ਸੀਟਾਂ ’ਤੇ ਕੰਮ ਕਰ ਰਹੇ ਹਨ। ਬੋਰਡ ਵੱਲੋਂ ਪਹਿਲਾਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਸਨ ਪ੍ਰੰਤੂ ਐਤਕੀਂ ਇਕ ਦਹਾਕੇ ਬਾਅਦ ਪੰਜਵੀਂ ਅਤੇ ਅੱਠਵੀਂ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਵੀ ਬੋਰਡ ਲੈ ਰਿਹਾ ਹੈ। ਕੇਂਦਰ ਸਰਕਾਰ ਨੇ 2009 ਵਿੱਚ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਪਾਸ ਕਰਨ ਦਾ ਫੈਸਲਾ ਲਿਆ ਸੀ। ਰਾਈਟ ਟੂ ਐਜੂਕੇਸ਼ਨ ਸਕੀਮ ਤਹਿਤ ਸਰਕਾਰੀ ਚਿੱਠੀ ਮਿਲਣ ਤੋਂ ਬਾਅਦ ਬੋਰਡ ਨੇ 2010 ਤੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਲੈਣੀ ਬੰਦ ਕਰ ਦਿੱਤੀ ਸੀ। ਆਰਟੀਈ ਤਹਿਤ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਪਹਿਲੀ ਤੋਂ ਅੱਠਵੀਂ ਕਿਸੇ ਬੱਚੇ ਨੂੰ ਫੇਲ ਨਾ ਕੀਤਾ ਜਾਵੇ। ਇਸ ਫੈਸਲੇ ਨਾਲ ਮਿਆਰੀ ਸਿੱਖਿਆ ਨੂੰ ਢਾਹ ਲੱਗੀ ਕਿਉਂਕਿ ਨੌਵੀਂ ਜਮਾਤ ਵਿੱਚ ਦਾਖ਼ਲ ਹੋਣ ਲਈ ਆਉਂਦੇ ਜ਼ਿਆਦਾ ਵਿਦਿਆਰਥੀ ਗਿਆਨ ਵਿਹੂਣੇ ਹੋ ਗਏ ਸਨ। ਕਿਉਂਜੋ ਬੱਚਿਆਂ ਦੇ ਮਨ ’ਚੋਂ ਪ੍ਰੀਖਿਆ ਦਾ ਡਰ ਚੁੱਕਿਆ ਗਿਆ ਸੀ। ਇਸ ਵਾਰ 5ਵੀਂ, 8ਵੀਂ, 10ਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ 13 ਲੱਖ 11 ਹਜ਼ਾਰ 747 ਵਿਦਿਆਰਥੀ ਅਪੀਅਰ ਹੋਣਗੇ। ਜਿਨ੍ਹਾਂ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 301262 ਵਿਦਿਆਰਥੀ ਅਤੇ ਦਸਵੀਂ ਦੀ ਪ੍ਰੀਖਿਆ ਵਿੱਚ 3 ਲੱਖ 67 ਹਜ਼ਾਰ 763 ਵਿਦਿਆਰਥੀ ਅਪੀਅਰ ਹੋਣਗੇ। ਜਦੋਂਕਿ ਅੱਠਵੀਂ ਵਿੱਚ 3 ਲੱਖ 18 ਹਜ਼ਾਰ 770 ਅਤੇ ਪੰਜਵੀਂ ਵਿੱਚ 3 ਲੱਖ 23 ਹਜ਼ਾਰ 952 ਬੱਚੇ ਪ੍ਰੀਖਿਆ ਦੇਣਗੇ। ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਠਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ 3 ਮਾਰਚ ਤੋਂ ਸ਼ੁਰੂ ਹੋਵੇਗੀ। ਪੰਜਵੀਂ ਦੀ ਪ੍ਰੀਖਿਆ 14 ਮਾਰਚ ਅਤੇ ਦਸਵੀਂ ਦੀ ਸਾਲਾਨਾ ਪ੍ਰੀਖਿਆ 17 ਮਾਰਚ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਹੂਲਤ ਲਈ ਜਨਤਕ ਇਨਕੁਆਰੀ ਡੈਸਕ ਸਥਾਪਿਤ ਕੀਤੇ ਗਏ ਹਨ। ਸ੍ਰੀ ਮਹਿਰੋਕ ਨੇ ਦੱਸਿਆ ਕਿ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਲਈ ਇਨਕੁਆਰੀ ਡੈਸਕ ਬਣਾਇਆ ਗਿਆ ਹੈ। ਇਹ 24 ਘੰਟੇ ਖੁੱਲ੍ਹਾ ਰਹੇਗਾ। ਕੋਈ ਵੀ ਵਿਅਕਤੀ ਕੰਟਰੋਲਰ ਦਫ਼ਤਰ ਵਿੱਚ 0172-5227141 ਨੰਬਰ ’ਤੇ ਸੰਪਰਕ ਕਰ ਸਕਦਾ ਹੈ। ਕੰਟਰੋਲਰ ਦਫ਼ਤਰ ਵਿੱਚ 0172-5227142 ਨੰਬਰ ’ਤੇ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੇ ਪ੍ਰੀਖਿਆ ਕੇਂਦਰਾਂ ਅਤੇ ਪ੍ਰਸ਼ਨ ਪੱਤਰਾਂ ਸਬੰਧੀ 0172-5227333-34 ਨੰਬਰਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੋਲ ਨੰਬਰਾਂ ਲਈ 0172-5227151 ਅਤੇ ਦਸਵੀਂ ਸ਼੍ਰੇਣੀ ਦੇ ਰੋਲ ਨੰਬਰਾਂ ਲਈ 0172-5227324 ਅਤੇ 5ਵੀਂ ਅਤੇ 8ਵੀਂ ਦੇ ਪ੍ਰੀਖਿਆ ਕੇਂਦਰਾਂ, ਪ੍ਰਸ਼ਨ ਪੱਤਰਾਂ ਅਤੇ ਰੋਲ ਨੰਬਰਾਂ ਲਈ 0172-5227302-303 ਉੱਤੇ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰੀਖਿਆਵਾਂ ਸਬੰਧੀ ਡੇਟਸ਼ੀਟਾਂ ’ਤੇ ਦਰਜ ਫੋਨ ਨੰਬਰਾਂ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। (ਬਾਕਸ ਆਈਟਮ) ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਲਈ 1926 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਦਸਵੀਂ ਲਈ 2284 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਅੱਠਵੀਂ ਦੇ ਬੱਚਿਆਂ ਲਈ 2330 ਪ੍ਰੀਖਿਆ ਕੇਂਦਰਾਂ ਦੀ ਵਿਵਸਥਾ ਕੀਤੀ ਗਈ ਹੈ ਜਦੋਂਕਿ ਪੰਜਵੀਂ ਦੇ ਬੱਚਿਆਂ ਦੀ ਪਿਤਰੀ ਸਕੂਲਾਂ ਵਿੱਚ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਸਰਹੱਦੀ ਇਲਾਕੇ ਦੇ ਪਿੰਡਾਂ ਵਿਚਲੇ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਸਾਰੇ ਪ੍ਰੀਖਿਆ ਕੇਂਦਰ ਨੇੜੇ ਬਾਹਰੀ ਵਿਅਕਤੀਆਂ ਦੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਧਾਰਾ 144 ਲਗਾਉਣ ਲਈ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖੇ ਗਏ ਹਨ। ਨਕਲ ਰੋਕਣ ਲਈ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਉਡਣ ਦਸਤੇ ਬਣਾਏ ਗਏ ਹਨ। ਇਸ ਤੋਂ ਇਲਾਵਾ ਬੋਰਡ ਚੇਅਰਮੈਨ ਕ੍ਰਿਸ਼ਨ ਕੁਮਾਰ, ਸਕੱਤਰ ਮੁਹੱਮਦ ਤਈਅਬ ਤੇ ਹੋਰਨਾਂ ਅਧਿਕਾਰੀਆਂ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਦੌਰੇ ਕਰਕੇ ਜਾਇਜ਼ਾ ਲਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜ਼ਿਲ੍ਹਾ ਭਰ ਵਿੱਚ ਪ੍ਰੀਖਿਆਵਾਂ ਲਈ ਓਵਰ ਆਲ ਇੰਚਾਰਜ ਬਣਾਇਆ ਗਿਆ ਹੈ। (ਧੰਨਵਾਦ ਸਾਹਿਤ, ਪੰਜਾਬੀ ਟ੍ਰਿਬਿਊਨ)
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ