
ਆਈਟੀ ਸਿਟੀ ਵਿੱਚ ਡਬਲ ਬੇਸਮੈਂਟ ਦੀ ਖੁਦਾਈ ਸਮੇਂ ਨਾਲ ਲੱਗਦੀ ਇਮਾਰਤ ਤਹਿਸ-ਨਹਿਸ
ਜ਼ਮੀਨ ਧਸਣ ਕਾਰਨ ਕਈ ਮੋਟਰ ਸਾਈਕਲ ਤੇ ਕਾਰਾਂ ਨੁਕਸਾਨੀਆਂ, ਜਾਨੀ ਨੁਕਸਾਨ ਤੋਂ ਬਚਾਅ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਮੁਹਾਲੀ ਦੀ ਆਈਟੀ ਸਿਟੀ (ਸੈਕਟਰ-83) ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਇਮਾਰਤ ਦੀ ਬੇਸਮੈਂਟ ਦੀ ਡੂੰਘੀ ਖੁਦਾਈ ਕਰਵਾਏ ਜਾਣ ਸਮੇਂ ਨਾਲ ਲਗਦੀ ਆਈਟੀ ਕੰਪਨੀ ਦਾ ਪਾਰਕਿੰਗ ਵਾਲਾ ਏਰੀਆ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਜਿਸ ਕਾਰਨ ਪਾਰਕਿੰਗ ਵਿੱਚ ਖੜੇ ਕਈ ਮੋਟਰ ਸਾਈਕਲ ਅਤੇ ਕਾਰਾਂ ਨੁਕਸਾਨੀਆਂ ਗਈਆਂ। ਇਹ ਹਾਦਸਾ ਬੁੱਧਵਾਰ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਲੇਕਿਨ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਅਤੇ ਸੋਹਾਣਾ ਥਾਣਾ ਦੇ ਐਸਐਚਓ ਸੁਮਿਤ ਮੋਰ ਤੁਰੰਤ ਮੌਕੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਹਾਦਸੇ ਤੋਂ ਬਾਅਦ ਨਾਲ ਲੱਗਦੀ ਇਮਾਰਤ ਵਿੱਚ ਚੱਲ ਰਹੇ ਦਫ਼ਤਰ ਖਾਲੀ ਕਰਵਾ ਦਿੱਤੇ ਗਏ ਹਨ।
ਆਈਟੀ ਸਿਟੀ ਵਿੱਚ ਨਾਥ ਆਊਟ ਸੋਰਸਿੰਗ ਸਾਲਯੂਸ਼ਨਸ ਦੇ ਸੰਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲੱਗਦੇ ਦੋ ਪਲਾਟਾਂ ਵਿੱਚ ਇਮਾਰਤ ਦੀ ਉਸਾਰੀ ਲਈ ਬੇਸਮੈਂਟ ਦੀ ਖੁਦਾਈ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅੱਜ ਸਿੱਖਰ ਦੁਪਹਿਰੇ ਅਚਾਨਕ ਉਨ੍ਹਾਂ ਦੀ ਕੰਪਨੀ ਦਾ ਪਾਰਕਿੰਗ ਵਾਲਾ ਵੱਡਾ ਹਿੱਸਾ 15-20 ਫੁੱਟ ਤੱਕ ਹੇਠਾਂ ਧਸ ਗਿਆ। ਉਨ੍ਹਾਂ ਕਿਹਾ ਕਿ ਬੇਸਮੈਂਟ ਦੀ ਖੁਦਾਈ ਕਰਨ ਵਾਲੇ ਠੇਕੇਦਾਰ ਅਤੇ ਮਜ਼ਦੂਰਾਂ ਨੇ ਉਨ੍ਹਾਂ ਦੇ ਪਲਾਟ ਵਾਲੇ ਪਾਸੇ ਜ਼ਮੀਨ ਨੂੰ ਧਸਣ ਤੋਂ ਰੋਕਣ ਲਈ ਕੋਈ ਕੰਧ ਨਹੀਂ ਬਣਾਈ ਗਈ ਸੀ ਅਤੇ ਇਸ ਥਾਂ ’ਤੇ ਡਬਲ ਬੇਸਮੈਂਟ ਦੀ ਉਸਾਰੀ ਲਈ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਹਾਦਸੇ ਨਾਲ ਉਨ੍ਹਾਂ ਦਾ ਫਾਇਰ ਸੇਫ਼ਟੀ ਸਿਸਟਮ ਅਤੇ ਏਅਰ ਕੰਡੀਸ਼ਨ ਸਿਸਟਮ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ। ਉੱਥੇ ਖੜੇ ਕਈ ਮੋਟਰ ਸਾਈਕਲ ਅਤੇ ਕਾਰਾਂ ਨੁਕਸਾਨੀਆਂ ਗਈਆਂ ਹਨ।
ਇਸ ਮੌਕੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਕਿੰਗ ਦਾ ਜਿਹੜਾ ਵੱਡਾ ਹਿੱਸਾ ਜ਼ਮੀਨ ਵਿੱਚ ਧਸ ਗਿਆ ਹੈ। ਉਸ ਥਾਂ ’ਤੇ ਆਈਟੀ ਕੰਪਨੀ ਦੇ ਕਰਮਚਾਰੀ ਦੁਪਹਿਰ ਕਰੀਬ ਸਾਢੇ 12 ਵਜੇ ਲੰਚ ਬਰੇਕ ਹੋਣ ਕਾਰਨ ਇਮਾਰਤ ’ਚੋਂ ਬਾਹਰ ਸਨ। ਜਿਸ ਕਾਰਨ ਕੰਪਨੀ ਦੇ ਕਰਮਚਾਰੀਆਂ ਦਾ ਬਚਾਅ ਹੋ ਗਿਆ। ਡੀਐਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਡਬਲ ਬੇਸਮੈਂਟ ਦੀ ਖ਼ੁਦਾਈ ਕੀਤੀ ਜਾ ਰਹੀ ਸੀ। ਜ਼ਮੀਨ ਧਸ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸਾਰੀ ਕਰ ਰਹੇ ਠੇਕੇਦਾਰ, ਸਬੰਧਤ ਪਲਾਟ ਦੇ ਮਾਲਕ ਨੂੰ ਥਾਣੇ ਸੱਦਿਆ ਗਿਆ ਹੈ ਅਤੇ ਗਮਾਡਾ ਤੋਂ ਵੀ ਪੁੱਛਿਆ ਜਾਵੇਗਾ ਕਿ ਕੰਪਨੀ ਨੇ ਡਬਲ ਬੇਸਮੈਂਟ ਪੁੱਟਣ ਦੀ ਇਜਾਜ਼ਤ ਲਈ ਗਈ ਸੀ ਜਾਂ ਨਹੀਂ। ਫਿਲਹਾਲ ਪੁਲੀਸ ਨੇ ਆਸਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਇੱਥੇ ਮਿੱਟੀ ਅਤੇ ਰੇਤੇ ਦੀਆਂ ਬੋਰੀਆਂ ਲਗਾ ਕੇ ਥਾਂ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕ। ਡੀਐਸਪੀ ਬੱਲ ਨੇ ਦੱਸਿਆ ਕਿ ਹਾਦਸਾ ਗ੍ਰਸਤ ਇਮਾਰਤ ਦੇ ਨਾਲ ਲੱਗਦੀ ਕੰਪਨੀ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ’ਤੇ ਧਾਰਾ 287, 288 ਅਤੇ 427 ਦੇ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।