Nabaz-e-punjab.com

ਦੇਸੀ ਗਾਂਵਾਂ ਦੀ ਨਸਲ ਸੂਧਾਰ ਲਈ 35 ਕਰੋੜ ਦੀ ਲਾਗਤ ਨਾਲ ਬਣੇਗਾ ਸੈਂਟਰ ਆਫ ਐਕਸੀਲੈਂਸ: ਬਲਬੀਰ ਸਿੰਘ ਸਿੱਧੂ

ਪਸ਼ੂ ਪਾਲਣ ਦੇ ਖੇਤਰ ਵਿਚ ਬ੍ਰਾਜ਼ੀਲ ਵਲੋਂ ਵਿਕਸਿਤ ਕੀਤੀ ਆਧੁਨਿਕ ਤਕਨਾਲੋਜੀ ਦਾ ਲਿਆ ਜਾਵੇਗਾ ਸਹਿਯੋਗ

ਪਸ਼ੂ ਪਾਲਣ ਮੰਤਰੀ ਨੇ ਕੀਤੀ ਬ੍ਰਾਜ਼ੀਲ ਦੇ ਡੈਲੀਗੇਸ਼ਨ ਨਾਲ ਮੁਲਾਕਾਤ

ਬ੍ਰਾਜ਼ੀਲ ਕਰੇਗਾ ਨੀਲੀ ਰਾਵੀ ਤੇ ਮੁਰ੍ਹਾ ਨਸਲ ਦੇ ਸੀਮਨ ਸਟਰਾਅ ਦਰਾਮਦਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜਨਵਰੀ:
ਪੰਜਾਬ ਵਿਚ ਆਧੁਨਿਕ ਤਕਨਾਲੋਜੀ ਨਾਲ ਦੇਸੀ ਗਾਂਵਾਂ ਦੇ ਨਸਲ ਸੁਧਾਰ ਤੇ ਸਾਂਭ-ਸੰਭਾਲ ਲਈ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ “ਸੈਂਟਰ ਆਫ ਐਕਸੀਲੈਂਸ” ਸਥਾਪਤ ਕੀਤਾ ਜਾਵੇਗਾ ਜਿਸ ਵਿਚ ਬ੍ਰਾਜ਼ੀਲ ਦੀ ਆਧੁਨਿਕ ਤਕਨਾਲੋਜੀ ਦਾ ਸਹਿਯੋਗ ਲਿਆ ਜਾਵੇਗਾ। ਇਸ ਗੱਲ ਦਾ ਖੁਲਾਸਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਬ੍ਰਾਜ਼ੀਲ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੋਰਾਨ ਕੀਤਾ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਆਧੁਨਿਕ ਤਕਨਾਲੋਜੀ ਨਾਲ ਦੇਸੀ ਨਸਲਾਂ ਦਾ ਸੁਧਾਰ ਕਰਨਾ ਅਤੇ ਪੈਦਾਵਾਰ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਕਿਸਾਨਾਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਪੱਕੇ ਤੌਰ ਤੇ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਵਿਚ 5 ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਕੇਂਦਰ ਪੰਜਾਬ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ, ਜਿਥੇ ਦੇਸੀ ਗਾਂਵਾਂ ਦੀ ਨਸਲ ਸੁਧਾਰ ਲਈ ਲਾਹੇਵੰਦ ਹੋਵੇਗਾ ਉਥੇ ਹੀ ਇਸ ਕੇਂਦਰ ਵਿਚ ਨਵੀਨਤਮ ਤਕਨਾਲੋਜੀ ਰਾਹੀ ਬਰੀਡਿੰਗ, ਆਈ.ਵੀ.ਐਫ, (ਇਨ ਵਿਟਰੋ ਫਰਟੀਲਾਈਜੇਸ਼ਨ), ਸੈਕਸ ਸੋਰਟਡ ਸੀਮਨ ਦਾ ਉਤਪਾਦਨ ਅਤੇ ਮਾਹਿਰਾਂ ਵੱਲੋਂ ਸਟਾਫ਼ ਨੂੰ ਆਧੁਨਿਕ ਤਕਨੀਕਾਂ ਅਤੇ ਵਿਧੀਆਂ ਬਾਰੇ ਟਰੇਨਿੰਗ ਦਿੱਤੀ ਜਾਵੇਗੀ। ਬ੍ਰਾਜ਼ੀਲ ਦੇ ਪਾਰਾ ਰਾਜ ਦੇ ਖੇਤੀ ਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ਼੍ਰੀ ਟਾਰਕਿਸਿਊ ਡੀ ਕਰੂਜ਼ ਮੈਸਕਿਟਾ ਨੇ ਕਿਹਾ ਕਿ ਸੈਂਟਰ ਆਫ ਐਕਸੀਲੈਂਸ ਕਲਸੀ ਉਤਰਾਖੰਡ ਅਤੇ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਮੋਤੀਹਾਰੀ ਵਿਖੇ ਬ੍ਰਾਜ਼ੀਲ ਦੇ ਪਸ਼ੂ ਪਾਲਣ ਦੇ ਖੇਤਰ ਮਾਹਰਾਂ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਜਿਸ ਲਈ ਬ੍ਰਾਜ਼ੀਲ ਤੇ ਭਾਰਤ ਦਾ ਤਕਨਾਲੋਜੀ ਸਾਂਝੀ ਕਰਨ ਸਬੰਧੀ ਸਮਝੋਤਾ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬ੍ਰਾਜ਼ੀਲ਼ ਵਿਚ ਭਾਰਤ ਦੀਆਂ ਦੇਸੀ ਗਾਂਵਾਂ ਗੀਰ, ਕਨਕਰੇਜ, ਲਾਲ ਸਿੰਧੀ ਤੇ ਓਨਗੇਲ ਨਸਲ ਦੀ ਗਾਂਵਾਂ ਦੀ ਦਰਾਮਦਗੀ ਕੀਤੀ ਗਈ ਜਿਸ ਉਪਰੰਤ ਇਨ੍ਹਾਂ ਨਸਲਾਂ ਦੇ ਵਿਚ ਸੁਧਾਰ ਕੀਤਾ ਗਿਆ ਅਤੇ ਹੁਣ ਗੀਰ 86 ਲੀਟਰ ਦੁੱਧ ਪ੍ਰਤੀ ਦਿਨ, ਕਨਕਰੇਜ 60 ਲੀਟਰ, ਲਾਲ ਸਿੰਧੀ 50 ਲੀਟਰ ਤੇ ਓਨਗੇਲ ਨਸਲ 41 ਲੀਟਰ ਦੁੱਧ ਦੇ ਰਹੀ ਹੈ। ਜੋ ਇਥੇ ਮੋਜੂਦ ਨਸਲਾਂ ਨਾਲੋਂ ਕਿਤੇ ਜਿਆਦਾ ਹੈ। ਡਾਇਰੈਕਟਰ, ਬੋਫੈਲੋ, ਰਿਸਰਚ ਐਂਡ ਡਿਵੈਲਪਮੈਂਟ ਐਮਬਰਾਪਾ ਈਸਟਰਨ ਐਮਾਜ਼ੋਨ ਬਿਲਿਮ, ਡਾ.ਜੋਸ ਰਿਬਾਮਰ ਫਿਲਾਇਪ ਮੋਰਕੀਸ ਨੇ ਦੱਸਿਆ ਕਿ ਆਈ.ਵੀ.ਐਫ. ਤਕਨਾਲੋਜੀ ਵਿਚ ਬ੍ਰਾਜ਼ੀਲ ਵਿਸ਼ਵ ਵਿਚ ਸੱਭ ਤੋਂ ਮੋਹਰੀ ਦੇਸ਼ ਹੈ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਦੁੱਧ ਉਤਪਾਦ ਨੂੰ ਵੀ ਕਈ ਗੁਣਾਂ ਵਧਾ ਕੇ ਪੈਦਾਵਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਨੀਲੀ ਰਾਵੀ ਤੇ ਮੁਰ੍ਹਾ ਨਸਲ ਦੇ ਸੀਮਨ ਸਟਰਾਅ ਦੀ ਵਰਤੋਂ ਬ੍ਰਜ਼ੀਲ ਦੇ ਖੋਜ ਕੇਂਦਰਾਂ ਵਿਚ ਕਰਾਂਗੇ। ਇਸ ਮੌਕੇ ‘ਤੇ ਨੁਮਾਇੰਦਿਆਂ ਵਲੋਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬ੍ਰਾਜ਼ੀਲ ਆਉਣ ਦਾ ਸੱਦਾ ਵੀ ਦਿੱਤਾ ਗਿਆ ਤਾਂ ਜੋ ਉਥੇ ਆ ਕੇ ਪਸ਼ੂ ਪਾਲਕਾਂ ਅਤੇ ਬ੍ਰਾਜ਼ੀਲ ਸਰਕਾਰ ਦੁਆਰਾ ਸਥਾਪਿਤ ਕੀਤੇ ਗਏ ਆਧੁਨਿਕ ਡੇਅਰੀ ਫਾਰਮ ਅਤੇ ਖੋਜ ਕੇਂਦਰਾਂ ਦਾ ਜਾਇਜ਼ਾ ਲੈ ਸਕਣ। ਪਸ਼ੂ ਵਿਗਿਆਨਿਕ, ਉਬੇਰਾਬਾ, ਮਿਨਸ ਗਿਰੇਸ ਡਾ. ਜੋਸ ਓਟਾਵਿਓ ਲਿਮੋਸ ਨੇ ਕਿਹਾ ਕਿ ਬ੍ਰਾਜ਼ੀਲ ਵਲੋਂ ਵਿਕਸਿਤ ਕੀਤੀ ਗਈ ਜੀਨੋਮਿਕ ਚਿਪ ਭਾਰਤ ਦੀ ਦੇਸੀ ਨਸਲ ਦੀਆਂ ਗਾਂਵਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਇਸ ਦੀ ਵਰਤੋਂ ਭਾਰਤ ਦੇ 4 ਐਕਸੀਲੈਂਸ ਕੇਂਦਰਾਂ ਵਿਚ ਕੀਤੀ ਜਾ ਰਹੀ ਹੈ। ਇਸ ਮੌਕੇ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਰਾਜ ਕਮਲ ਚੌਧਰੀ, ਡਾਇਰੈਕਟਰ ਪਸ਼ੂ ਪਾਲਣ ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …