
ਆਬਕਾਰੀ ਵਿਭਾਗ ਨੇ ਸ਼ਰਾਬ ਤਸਕਰੀ ਵਿਰੁੱਧ ਸ਼ਿਕੰਜਾ ਕੱਸਿਆ, ਮੁਹਾਲੀ ’ਚ ਹੁਣ ਤੱਕ ਸੱਤ ਕੇਸ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਆਬਕਾਰੀ ਤੇ ਕਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਬਕਾਰੀ ਵਿਭਾਗ ਨੇ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਚਾਲੂ ਵਿੱਤੀ ਸਾਲ 2025-26 ਦੌਰਾਨ ਪਿਛਲੇ 25 ਦਿਨਾਂ ਵਿੱਚ ਪੰਜਾਬ ਆਬਕਾਰੀ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਮੁਹਾਲੀ ਦੇ ਥਾਣਿਆਂ ਵਿੱਚ ਸੱਤ ਪਰਚੇ ਦਰਜ ਕੀਤੇ ਗਏ ਹਨ ਜਦੋਂਕਿ ਇੱਕ ਕੇਸ ਰੂਪਨਗਰ ਵਿੱਚ ਦਰਜ ਕੀਤਾ ਗਿਆ ਹੈ। ਆਬਕਾਰੀ ਵਿਭਾਗ ਮੁਹਾਲੀ ਦੀ ਟੀਮ ਨੇ ਲੰਘੀ ਰਾਤ ਜ਼ੀਰਕਪੁਰ ਪੁਲੀਸ ਦੇ ਸਹਿਯੋਗ ਨਾਲ ਇੱਕ ਸਾਂਝੇ ਅਪਰੇਸ਼ਨ ਦੌਰਾਨ ਚੰਡੀਗੜ੍ਹ ਤੋਂ ਪੰਜਾਬ ਵਿੱਚ ਤਸਕਰੀ ਕਰਦੇ ਸਮੇਂ ਸ਼ਰਾਬ ਦੀਆਂ 220 ਪੇਟੀਆਂ (2640 ਬੋਤਲਾਂ) ਬਰਾਮਦ ਕੀਤੀਆਂ ਗਈਆਂ ਹਨ। ਮਹਿੰਦਰਾ ਪਿਕਅੱਪ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ।
ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਸ਼ਰਾਬ ਤਸਕਰੀ ਦੇ ਹੋਰ ਮਾਮਲਿਆਂ ਵਿੱਚ ਅਨਿਲ ਕੁਮਾਰ ਮੱਕੜ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕਰਕੇ ਉਸ ਕੋਲੋਂ 36 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਇੰਜ ਹੀ ਮੁਲਜ਼ਮ ਭੁਪਿੰਦਰ ਪ੍ਰਸ਼ਾਦ ਤੋਂ 16 ਬੋਤਲਾਂ ਫੜੀਆਂ ਹਨ। ਉਸ ਦੇ ਖ਼ਿਲਾਫ਼ ਫੇਜ਼-1) ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਲਖਵਿੰਦਰ ਸਿੰਘ ਨੂੰ 276 ਬੋਤਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ 24 ਬੋਤਲਾਂ ਨਾਲ ਕਾਬੂ ਕੀਤੇ ਚੇਤ ਰਾਮ ਖ਼ਿਲਾਫ਼ ਨਵਾਂ ਗਰਾਓਂ ਥਾਣੇ ਵਿੱਚ ਐਫ਼ਆਈਆਰ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਬੀਤੇ ਦਿਨੀਂ ਪਿੰਡ ਸੋਤਲ ਬਾਬਾ (ਰੂਪਨਗਰ) ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸਾਹਿਲ ਕੁਮਾਰ ਦੇ ਘਰ ਛਾਪਾ ਮਾਰ ਕੇ 138 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮ ਸਾਹਿਲ ਕੁਮਾਰ ਅਤੇ ਸ਼ਿਮਲਾ ਦੇਵੀ ਵਿਰੁੱਧ ਥਾਣਾ ਭਗਵੰਤਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਆਬਕਾਰੀ ਐਕਟ ਦੀ ਧਾਰਾ 68-1-64 ਤਹਿਤ ਅਣਅਧਿਕਾਰਤ ਬਾਰ/ਸ਼ਰਾਬ ਸੇਵਨ ਕਰਵਾਉਣ ਦੇ 2 ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ ਰਮਨ (ਟੀਡੀਆਈ ਵਿੱਚ ਰੁਤਬਾ), ਅੰਮ੍ਰਿਤ ਸ਼ਰਮਾ (ਦਿ ਬੌਸ, ਨੇੜੇ ਹੋਟਲ ਪਾਰਕ ਗੇਟ) ਅਤੇ ਰੈਸਟੋਰੈਂਟ ਸ਼ੂਟ ਐਟ ਸਾਈਟ ਸੈਕਟਰ-86 ਦੇ ਮਾਲਕ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
ਰੂਪਨਗਰ ਰੇਂਜ ਦੇ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲਹੋਤਰਾ ਨੇ ਕਿਹਾ ਕਿ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ/ਖਪਤ ਵਾਲੀਆਂ ਥਾਵਾਂ ’ਤੇ ਕਈ ਛਾਪੇ ਮਾਰੇ ਗਏ ਹਨ ਅਤੇ ਵਾਹਨਾਂ ਦੀ ਵਿਆਪਕ ਜਾਂਚ ਕੀਤੀ ਗਈ ਹੈ। ਗੈਰ-ਕਾਨੂੰਨੀ ਸ਼ਰਾਬ ਗਤੀਵਿਧੀ ਦੇ ਹੌਟਸਪੋਟ ਖੇਤਰਾਂ ਦੀ ਨਿਗਰਾਨੀ ਲਈ ਆਬਕਾਰੀ ਇੰਸਪੈਕਟਰਾਂ ਅਤੇ ਫ਼ੀਲਡ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸ਼ਰਾਬ ਲਾਇਸੈਂਸ ਧਾਰਕਾਂ ਨੂੰ ਲਾਇਸੈਂਸ ਸ਼ਰਤਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਸੇ ਵੀ ਉਲੰਘਣਾ ’ਤੇ ਸਖ਼ਤ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ। ਟਰਾਂਸਪੋਰਟਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਪਲਾਈ ਲੜੀ ਵਿੱਚ ਸ਼ਰਾਬ ਦੀ ਢੋਆ-ਢੁਆਈ ਕਰਦੇ ਸਮੇਂ ਵੈਧ ਪਰਮਿਟ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।