ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ’ਤੇ ਫੌਜੀ ਕੰਟੀਨਾਂ ਦੀ ਐਕਸਾਈਜ਼ ਡਿਊਟੀ ਘਟਾਈ ਜਾਵੇਗੀ: ਕੈਪਟਨ ਡਾਬਰ

ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਸਾਬਕਾ ਫ਼ੌਜੀਆਂ ਨਾਲ ਧੋਖਾ ਕੀਤਾ, ਵਨ ਰੈਂਕ ਵਨ ਪੈਨਸ਼ਨ ’ਤੇ ਬੋਲਿਆ ਝੂਠ

ਫੌਜੀਆਂ ਦੀ ਸਿਹਤ ਸੁਵਿਧਾ ਦਾ ਬਜਟ 1990 ਕਰੋੜ ਘਟਾਇਆ, ਸਵਾ ਲੱਖ ਅਸਾਮੀਆਂ ਖਾਲੀ: ਕੈਪਟਨ ਡਾਬਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਬੰਗਲਾਦੇਸ਼ ਲਿਬਰੇਸ਼ਨ ਵਾਰ ਕਮਿਸ਼ਨ ਕਮੇਟੀ ਦੇ ਕਨਵੀਨਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਕੈਪਟਨ ਪ੍ਰਵੀਨ ਡਾਵਰ ਨੇ ਅੱਜ ਮੁਹਾਲੀ ਵਿੱਚ ਸਾਬਕਾ ਫ਼ੌਜੀਆਂ ਨਾਲ ਇਕ ਮੀਟਿੰਗ ਕੀਤੀ। ਇਸ ਦੌਰਾਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸੇਵਾਮੁਕਤ ਕਰਨਲ ਢਿੱਲੋਂ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਕੈਪਟਨ ਪ੍ਰਵੀਨ ਡਾਵਰ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਸੀਐਸਟੀ ਕੰਟੀਨਾਂ ਵਿੱਚ ਐਕਸਾਈਜ਼ ਡਿਊਟੀ ਘਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵੱਖ ਵੱਖ ਸੂਬਿਆਂ ਵਿੱਚ ਦੌਰਾ ਕਰਕੇ ਆ ਰਹੇ ਹਨ ਜਿੱਥੇ ਚੋਣਾਂ ਹੋ ਰਹੀਆਂ ਹਨ ਅਤੇ ਕਿਸੇ ਵੀ ਸੂਬੇ ਵਿੱਚ ਸਾਬਕਾ ਫ਼ੌਜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾ ਰਹੇ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੈਪਟਨ ਪ੍ਰਵੀਨ ਡਾਬਰ ਨੇ ਕਿਹਾ ਕਿ ਉਹ ਪੂਰੇ ਮੁਲਕ ਵਿੱਚ ਸਾਬਕਾ ਫ਼ੌਜੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਅਤੇ ਹਰੇਕ ਜ਼ਿਲ੍ਹੇ ਵਿੱਚ ਅਜਿਹੀਆਂ ਮੁਲਾਕਾਤਾਂ ਕਰਨ ਦੀ ਉਨ੍ਹਾਂ ਦੀ ਯੋਜਨਾ ਹੈ ਜਿਸ ਦੇ ਤਹਿਤ ਉਹ ਅੱਜ ਪੰਜਾਬ ਵਿੱਚ ਪਹੁੰਚੇ ਹਨ ਅਤੇ ਮੁਹਾਲੀ ਤੋਂ ਬਾਅਦ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਤਾਂ ਸੈਨਾ ਦੀ ਕੁਰਬਾਨੀ ਦਾ ਇਸਤੇਮਾਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਰਦੀ ਹੈ ਤੇ ਦੂਜੇ ਪਾਸੇ ਸੈਨਾ ਅਤੇ ਫ਼ੌਜੀਆਂ ਦੇ ਹਿਤਾਂ ਤੇ ਹਮਲੇ ਕਰਦੀ ਹੈ। ਉਨ੍ਹਾਂ ਕਿਹਾ ਕਿ ਫੌਜ ਵਿਚ 122555 ਅਸਾਮੀਆਂ ਖਾਲੀ ਪਈਆਂ ਹਨ ਜਿਨ੍ਹਾਂ ਵਿੱਚੋਂ ਦੱਸ ਹਜ਼ਾਰ ਅਹੁਦੇ ਫੌਜੀ ਅਧਿਕਾਰੀਆਂ ਦੇ ਹਨ।
ਉਨ੍ਹਾਂ ਕਿਹਾ ਕਿ ਵਨ ਰੈਂਕ ਵਨ ਪੈਨਸ਼ਨ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਫ਼ੌਜੀਆਂ ਨਾਲ ਧੋਖਾ ਕੀਤਾ ਹੈ। ਇਹੀ ਨਹੀਂ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਫ਼ੌਜੀਆ ਦੀ ਸਿਹਤ ਯੋਜਨਾ ਈਸੀਐਚਐਸ ਸਕੀਮ ਦਾ ਬਜਟ ਵੀ ਇਸ ਸਾਲ 1990 ਕਰੋੜ ਰੁਪਏ ਘਟਾ ਦਿੱਤਾ ਹੈ। ਇਸ ਦੇ ਨਾਲ ਨਾਲ ਸੀਐੱਸਡੀ ਕੰਟੀਨ ਵਿੱਚ ਸਾਮਾਨ ਦੀ ਖ਼ਰੀਦ ਤੇ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਅਤੇ ਜੀਐੱਸਟੀ ਵੀ ਲਗਾ ਦਿੱਤਾ ਗਿਆ ਹੈ। ਇਹੀ ਨਹੀਂ ਭਾਜਪਾ ਦੀ ਮੋਦੀ ਸਰਕਾਰ ਨੇ ਫ਼ੌਜੀਆਂ ਦੀ ਡਿਸਏਬਿਲਿਟੀ ਪੈਨਸ਼ਨ ਤੇ ਵੀ ਟੈਕਸ ਲਗਾ ਦਿੱਤਾ ਹੈ ਜਦੋਂਕਿ ਸੱਤਵੇਂ ਤਨਖਾਹ ਕਮਿਸ਼ਨ ਵਿੱਚ ਫੌਜ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਆਏ ਹਨ ਅਤੇ ਇੱਥੇ ਉਨ੍ਹਾਂ ਨੂੰ ਸਾਬਕਾ ਫ਼ੌਜੀਆਂ ਨਾਲ ਹੋ ਰਹੇ ਧੱਕੇ ਬਾਰੇ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੀਐੱਸਡੀ ਕੈਂਟੀਨਾਂ ਵਿੱਚ ਐਕਸਾਈਜ਼ ਡਿਊਟੀ ਸਭ ਤੋਂ ਵੱਧ ਹੈ ਅਤੇ ਇਸੇ ਤਰ੍ਹਾਂ ਸਾਬਕਾ ਫੌਜੀਆਂ ਨੂੰ ਨੌਕਰੀਆਂ ਵਿਚ ਪੂਰਾ ਰਿਜ਼ਰਵੇਸ਼ਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਬਕਾ ਫ਼ੌਜੀਆਂ ਨਾਲ ਮੀਟਿੰਗਾਂ ਵਿੱਚ ਇਨ੍ਹਾਂ ਸਮੱਸਿਆ ਬਾਰੇ ਜਾਣ ਰਹੇ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…