Nabaz-e-punjab.com

ਆਬਕਾਰੀ ਤੇ ਕਰ ਵਿਭਾਗ ਵੱਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਮੁਲਜ਼ਮਾਂ ਵੱਲੋਂ ਚੰਡੀਗੜ੍ਹ ਤੋਂ ਸਸਤੇ ਭਾਅ ’ਚ ਖਰੀਦ ਕੇ ਪੰਜਾਬ ਵਿੱਚ ਲਿਆਂਦੀ ਜਾ ਰਹੀ ਸੀ ਨਾਜਾਇਜ਼ ਸ਼ਰਾਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਆਬਕਾਰੀ ਤੇ ਕਰ ਵਿਭਾਗ ਮੁਹਾਲੀ ਨੇ ਚੰਡੀਗੜ੍ਹ ਤੋਂ ਸਮਗੱਲ ਹੋ ਕੇ ਆਉਂਦੀ ਸ਼ਰਾਬ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੁਹਾਲੀ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਆਬਕਾਰੀ ਤੇ ਕਰ ਕਮਿਸਨਰ, ਪੰਜਾਬ ਦੀਆਂ ਹਦਾਇਤਾਂ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ, ਰੂਪਨਗਰ ਮੰਡਲ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਆਬਕਾਰੀ ਸਟਾਫ਼ ਮੁਹਾਲੀ ਜਿਸ ਦੀ ਅਗਵਾਈ ਵਿਨੋਦ ਪਾਹੂਜਾ ਆਬਕਾਰੀ ਤੇ ਕਰ ਅਫ਼ਸਰ (ਆਬਕਾਰੀ) ਮਸਹਾਲੀ ਕਰ ਰਹੇ ਸਨ, ਨੇ ਲੰਘੀ ਰਾਤ ਪੰਜਾਬ ਆਬਕਾਰੀ ਐਕਟ ਦੀ ਧਾਰਾ ਅਧੀਨ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਪਹਿਲੇ ਕੇਸ ਵਿੱਚ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਆਬਕਾਰੀ ਨਿਰੀਖਕ ਜ਼ੀਰਕਪੁਰ ਵਿਨੈ ਕੁਮਾਰ ਨੇ ਇੱਕ ਗੱਡੀ, ਜੋ ਕਿ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ, ਨੂੰ ਰੋਕਿਆ ਤੇ ਉਸ ਵਿਚੋਂ ਚੰਡੀਗੜ੍ਹ ਵਿੱਚ ਬਣੀ ‘ਰੋਆਇਲ ਆਰਮਜ਼’ ਮਾਰਕਾ ਸ਼ਰਾਬ ਦੀਆਂ 180 ਬੋਤਲਾਂ ਫੜੀਆਂ। ਮੁਲਜ਼ਮ ਨੂੰ ਕਾਬੂ ਕਰਕੇ ਜ਼ੀਰਕਪੁਰ ਥਾਣੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਦੂਜੇ ਕੇਸ ਵਿੱਚ ਸੂਚਨਾ ਦੇ ਅਧਾਰ ਤੇ ਨਾਕੇ ਦੌਰਾਨ ਲਾਂਡਰਾਂ ਦੇ ਨੇੜੇ ਨਾਕੇ ਦੌਰਾਨ ਇੱਕ ਐਕਟਿਵਾ ਉਤੇ ਆ ਰਹੇ ਵਿਅਕਤੀ ਕੋਲੋਂ ਦੇਸੀ ਸ਼ਰਾਬ ਦੀਆਂ 120 ਬੋਤਲਾਂ ਮਾਰਕਾ ’ਸੰਤਰਾ’ ਦੀਆਂ ਫੜੀਆਂ ਅਤੇ ਮੁਲਜ਼ਮ ਵਿਰੁੱਧ ਸੋਹਾਣਾ ਥਾਣਾ ਵਿੱਚ ਪਰਚਾ ਦਰਜ ਕਰਵਾਇਆ ਗਿਆ ਹੈ।
ਤੀਜੇ ਕੇਸ ਵਿੱਚ ਵੀ ਸੂਚਨਾ ਦੇ ਅਧਾਰ ਤੇ ਚੰਡੀਗੜ੍ਹ ਤੋਂ ਆਉਂਦੀ ਸਵਿਫ਼ਟ ਕਾਰ ਨੂੰ ਆਬਕਾਰੀ ਨਿਰੀਖਕ ਜਸਪ੍ਰੀਤ ਸਿੰਘ, ਸਰੂਪ ਇੰਦਰ ਸਿੰਘ ਅਤੇ ਸੁਨੀਤਾ ਰਾਣੀ ਆਬਕਾਰੀ ਨਿਰੀਖਕਾਂ ਦੀ ਟੀਮ ਵੱਲੋਂ ਰੋਕਿਆ ਗਿਆ, ਜਿਸ ਵਿੱਚੋਂ 300 ਬੋਤਲਾਂ ਸ਼ਰਾਬ ਮਾਰਕਾ ‘ਐਵਰੀ ਡੇਅ ਅਤੇ ਸ਼ੋਕੀਨ ਸੰਤਰਾ’ ਬਰਾਮਦ ਕੀਤੀਆਂ। ਕਾਰ ਚਾਲਕ ਨੇ ਆਬਕਾਰੀ ਟੀਮ ਦੇ ਨਾਕੇ ਨੂੰ ਦੇਖਕੇ ਆਪਣੀ ਗੱਡੀ ਭਜਾ ਲਈ ਅਤੇ ਆਬਕਾਰੀ ਟੀਮ ਨੇ ਇਸਦਾ ਪਿੱਛਾ ਕੀਤਾ। ਮੁਲਜ਼ਮ ਕਾਰ ਨੂੰ ਇੰਡਸਟਰਿਅਲ ਏਰੀਆ ਫੇਜ਼-7 ਵੱਲ ਭਜਾ ਕੇ ਲੈ ਗਿਆ। ਇਸ ਦੌਰਾਨ ਉਸਦੀ ਕਾਰ ਸੜਕ ਦੇ ਕਿਨਾਰੇ ਦਰੱਖ਼ਤ ਵਿੱਚ ਵੱਜੀ ਅਤੇ ਕਾਰ ਚਾਲਕ ਗੱਡੀ ਅਤੇ ਸਮਾਨ ਛੱਡ ਕੇ ਫਰਾਰ ਹੋ ਗਿਆ। ਇਸ ਕੇਸ ਸਬੰਧੀ ਪੁਲਿਸ ਚੌਕੀ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ।
ਚੌਥੇ ਕੇਸ ਵਿੱਚ ਬਲਾਕ ਮਾਜਰੀ ਦੇ ਬੂਥਗੜ੍ਹ ਤੋਗਾਂ ਰੋਡ ਸ੍ਰੀ ਲਖਵੀਰ ਸਿੰਘ ਆਬਕਾਰੀ ਨਿਰੀਖਕ ਕੁਰਾਲੀ ਵੱਲੋਂ ਲਗਾਏ ਨਾਕੇ ਦੌਰਾਨ ਇੱਕ ਐਕਟਿਵਾ ਸਵਾਰ ਕੋਲੋਂ ‘ਨੈਨਾ ਅਤੇ ਕਿੰਗਜ਼ ਗੋਲਡ’ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਅਤੇ ਮੁਲਜ਼ਮ ਨੂੰ ਪੁਲੀਸ ਦੇ ਹਵਾਲੇ ਕਰਕੇ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਆਬਕਾਰੀ ਵਿਭਾਗ ਵੱਲੋਂ ਨਾਕੇ ਦੌਰਾਨ ਦੇਸੀ ਸ਼ਰਾਬ ਦੀਆਂ 468 ਬੋਤਲਾਂ ਫੜੀਆਂ ਗਈਆਂ, ਜਿਸ ਸਬੰਧੀ ਆਬਕਾਰੀ ਨਿਰੀਖਕ ਸ਼੍ਰੀਮਤੀ ਸੁਨੀਤਾ ਰਾਣੀ ਵੱਲੋਂ ਥਾਣਾ ਫੇਜ਼-11 ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਸ੍ਰੀ ਪਰਮਜੀਤ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਉਕਤ ਕੇਸਾਂ ਵਿੱਚ ਅਗਲੇਰੀ ਕਾਰਵਾਈ ਪੁਲੀਸ ਵਿਭਾਗ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਚੈਕਿੰਗ ਦੀ ਕਾਰਵਾਈ ਜਾਰੀ ਰਹੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …