
ਪਿੰਡ ਪੀਰ ਸੋਹਾਣਾ ਵਿੱਚ ਝੋਨੇ ਦੀ ਵੱਟਾ ਉੱਤੇ ਬਿਜਾਈ ਕਰਨ ਦੀ ਪ੍ਰਦਰਸ਼ਨੀ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਝੋਨੇ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਮੁਹਾਲੀ ਦੇ ਗਿਰੀਸ਼ ਦਿਆਲਨ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ ਕੁਮਾਰ ਰਹੇਜਾ ਦੀ ਪ੍ਰਧਾਨਗੀ ਹੇਠ ਪਿੰਡ ਪੀਰ ਸੋਹਾਣਾ ਬਲਾਕ ਖਰੜ ਵਿਖੇ ਕਿਸਾਨ ਜਗਦੀਪ ਸਿੰਘ ਦੇ ਫਾਰਮ ’ਤੇ ਝੋਨੇ ਦੀ ਵੱਟਾਂ ਉੱਤੇ ਬਿਜਾਈ ਆਤਮਾ ਸਕੀਮ ਤਹਿਤ ਪ੍ਰਦਰਸਨੀ ਲਗਵਾਈ ਗਈ। ਆਤਮਾ ਸਕੀਮ ਤਹਿਤ ਕਿਸਾਨ ਫਾਰਮ ਸਕੂਲ ਲਗਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾਂ ਉਤੇ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ। ਇਸ ਦਾ ਮੁੱਖ ਮੰਤਵ ਜ਼ਮੀਨੀ ਪਾਣੀ ਨੂੰ ਬਚਾਉਣਾ ਸੀ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਸਿੱਧੇ ਤੌਰ ’ਤੇ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸੇ ਤਰ੍ਹਾਂ ਵੱਟਾਂ ਉੱਤੇ ਝੋਨੇ ਨਾਲ ਲਗਭਗ ਚੌਥਾ ਹਿੱਸਾ ਪਾਣੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਟਾਂ ਉੱਤੇ ਝੋਨੇ ਦੀ ਬਿਜਾਈ ਨਾਲ ਝੋਨੇ ਦੀ ਬੂਝੇ ਵੀ ਜਿਆਦਾ ਮਜਬੂਤ ਰਹਿੰਦੇ ਹਨ ਜੋ ਕਿ ਹਨੇਰੀ ਝੱਖੜ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ। ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਬੈੱਡਾਂ ’ਤੇ ਕੀਤੀ ਗਈ ਬਿਜਾਈ ਖੇਤ ਨੂੰ ਕੱਦੂ ਕੀਤੇ ਬਿਨਾਂ ਤਿਆਰ ਕਰਕੇ ਬਿਜਾਈ ਵੇਲੇ ਸਿਫਾਰਸ ਕੀਤੀਆਂ ਖਾਦਾਂ ਦਾ ਛੱਟਾ ਦੇਣ ਉਪਰੰਤ ਬੈਡ ਪਲਾਂਟਰ ਨਾਲ ਬੈਡ ਤਿਆਰ ਕੀਤਾ ਜਾ ਸਕਦਾ ਹੈ।
ਬੈਡਾਂ ਦੀਆਂ ਖਾਲੀਆਂ ਨੂੰ ਪਾਣੀ ਨਾਲ ਭਰ ਕੇ ਤੁਰੰਤ ਬਾਅਦ ਬੈਡਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ 9 ਸੈਟੀਮੀਟਰ ਦੇ ਫਾਸਲੇ ਤੇ ਝੋਨੇ ਦੇ ਬੂਟੇ ਲਗਾਉਣ ਦੀ ਸਿਫਾਰਸ ਕੀਤੀ ਜਾਂਦੀ ਹੈ ਜਿਸ ਨਾਲ 33 ਬੂਟੇ ਵਰਗ ਮੀਟਰ ਅੌਸਤਨ ਰਹਿ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਤਕਨੀਕੀ ਸਲਾਹ ਦੇਂਦੇ ਹੋਏ ਕਿਹਾ ਕਿ 24 ਘੰਟੇ ਵਿੱਚ ਇੱਕ ਵਾਰ ਪਾਣੀ ਬੈਡਾਂ ਦੇ ਉਤੋਂ ਦੀ ਲੰਘਾ ਦਿਓ ਅਤੇ ਉਸ ਤੋਂ ਬਾਅਦ ਕੇਵਲ ਖਾਲੀਆ ਵਿੱਚ ਹੀ ਪਹਿਲੇ ਪਾਣੀ ਦੇ ਜੀਰਨ ਤੋਂ 2 ਦਿਨ ਬਾਅਦ ਪਾਣੀ ਲਾਓ। ਫਾਰਮ ਸਕੂਲ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਸੰਦੀਪ ਰਿਣਵਾ ਅਤੇ ਡਾ. ਜਗਦੀਪ ਸਿੰਘ ਬਲਾਕ ਟੈਕਨੋਲੋਜੀ ਮਨੈਜਰ ਆਤਮਾ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਨਦੀਨਾਂ ਦੀ ਕੀੜਿਆਂ ਦੀ ਰੋਕਥਾਮ ਲਈ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ, ਕਿਸਾਨ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਹਰਚੰਦ ਸਿੰਘ ਖੇਤੀਬਾੜੀ ਉਪ ਨਿਰੀਖਕ, ਮਨਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਹਾਜਰ ਸਨ।