ਸੀਜੀਸੀ ਲਾਂਡਰਾਂ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਸ਼ੇਸ਼ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ
ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਦੇ ਲਾਂਡਰਾਂ ਕੈਂਪਸ ਵਿਖੇ ਦਿਲਚਸਪ ਗਤੀਵਿਧੀਆਂ ਰਾਹੀਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ‘ਰਿਸਰਚ ਫਾਰ ਪਾਇਨੀਅਰਜ਼’ ਪ੍ਰਾਜੈਕਟ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ 250 ਤੋਂ ਵੱਧ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ ਗਏ। ਵੱਖ-ਵੱਖ ਖੇਤਰਾਂ ਤੋਂ 21 ਪ੍ਰਸਿੱਧ ਜੱਜਾਂ ਦੇ ਪੈਨਲ ਨੇ ਵਿਚਾਰਾਂ ਦੀ ਵਿਲੱਖਣਤਾ, ਉਪਯੋਗਤਾ ਅਤੇ ਸੰਚਾਲਨ ਦੀ ਮੁਹਾਰਤ ਦੇ ਆਧਾਰ ’ਤੇ ਵਿਗਿਆਨ ਪ੍ਰਾਜੈਕਟਾਂ ਦਾ ਮੁਲਾਂਕਣ ਕੀਤਾ। ਇਹ ਪ੍ਰੋਗਰਾਮ ਅਪਲਾਈਡ ਸਾਇੰਸਜ਼ ਵਿਭਾਗ ਵੱਲੋਂ ਵਿਦਿਆਰਥੀ ਭਲਾਈ ਵਿਭਾਗ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸੀਜੀਸੀ ਗਰੁੱਪ ਦੇ ਚੇਅਰਮੈਨ ਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੀਤਾ। ਮੁੱਖ ਮਹਿਮਾਨ ਡਾ. ਸੁਭਾਸ਼ ਚੰਦਰ ਐਸਸੀ ‘ਜੀ’, ਟੈਕਨਾਲੋਜੀ ਡਾਇਰੈਕਟਰ ਸਨ ਜਦੋਂਕਿ ਜਦੋਂਕਿ ਪ੍ਰਧਾਨਗੀ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤੀ। ਉਨ੍ਹਾਂ ਨਾਲ ਮੁੱਖ ਵਿਗਿਆਨੀ ਡਾ.ਅਮਿਤ ਐਲ ਸ਼ਰਮਾ ਅਤੇ ਪੇਸ਼ੇਵਰ ਉੱਦਮੀ ਗੁਰਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਮੁੱਖ ਮਹਿਮਾਨ ਡਾ. ਸੁਭਾਸ਼ ਚੰਦਰ ਨੇ ਭਾਰਤ ਦੇ ਉਸ ਪਰਿਵਰਤਨ ’ਤੇ ਚਾਨਣਾ ਪਾਇਆ ਜਿਸ ਵਿੱਚ ਤਕਨਾਲੋਜੀ ਸਹਾਇਤਾ ਪ੍ਰਦਾਨ ਕਰਨ ਵਾਲੇ ਦੇਸ਼ ਤੋਂ ਲੈ ਕੇ ਖੋਜ ਅਤੇ ਨਵੀਨਤਾ ਨੂੰ ਸਰਗਰਮੀ ਨਾਲ ਚਲਾਉਣ ਅਤੇ ਬੜ੍ਹਾਵਾ ਦੇਣ ਵਾਲੇ ਦੇਸ਼ ਤੱਕ ਦਾ ਵਿਕਾਸ ਹੋਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਨੈਸ਼ਨਲ ਰਿਸਰਚ ਫਾਊਂਡੇਸ਼ਨ, ਪੀਐਮ ਅਰਲੀ ਕਰੀਅਰ ਰਿਸਰਚ ਗਰਾਂਟ ਅਤੇ ਵਜਰਾ ਵਰਗੀਆਂ ਕੁਝ ਮੁੱਖ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ, ਜੋ ਨੌਜਵਾਨ ਖੋਜਕਰਤਾਵਾਂ ਅਤੇ ਉੱਚ ਚੋਟੀ ਦੀ ਫੈਕਲਟੀ ਲਈ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ।
ਸਤਨਾਮ ਸਿੰਘ ਸੰਧੂ ਨੇ ਸਾਰੇ ਭਾਗੀਦਾਰਾਂ ਨੂੰ ਸਮੱਸਿਆ ਹੱਲ ਕਰਨ ਵਾਲਾ ਦ੍ਰਿਸ਼ਟੀਕੋਣ ਰੱਖਣ ਅਤੇ ਸਮਾਜਿਕ ਚੁਣੌਤੀਆਂ ਦੇ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਵਿਗਿਆਨ ਦਿਵਸ ਵਰਗੇ ਮੰਚ ਸਿਧਾਂਤਕ ਅਤੇ ਸਹਿਪਾਠਕ੍ਰਮ ਗਤੀਵਿਧੀਆਂ ਦਾ ਇੱਕ ਸ਼ਾਨਦਾਰ ਸੁਮੇਲ ਹਨ।
ਅਮਿਤ ਸ਼ਰਮਾ ਨੇ ਕਿਹਾ ਕਿ ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਨੂੰ ਵੱਡੇ ਪੱਧਰ ’ਤੇ ਪ੍ਰਾਜੈਕਟਾਂ ਉੱਤੇ ਕੰਮ ਕਰਦਿਆਂ ਲੋੜ ਆਧਾਰਿਤ ਪ੍ਰਾਜੈਕਟਾਂ ’ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਤਜ਼ੁਰਬੇ ਤੋਂ ਇੱਕ ਉਦਾਹਰਨ ਦੇ ਕੇ ਇਸ ਨੁਕਤੇ ਨੂੰ ਉਜਾਗਰ ਕੀਤਾ, ਜਿਸ ਵਿੱਚ ਉਨ੍ਹਾਂ ਦੀ ਟੀਮ ਨੂੰ ਰਮਨ ਸਪੈਕਟ੍ਰੋਸਕੋਪੀ ਆਧਾਰਿਤ ਪ੍ਰਾਜੈਕਟ ਲਈ ਜਰਮਨੀ ਤੋਂ ਆਪਟੀਕਲ ਗ੍ਰੇਡ ਗਲਾਸ ਦਾ ਆਯਾਤ ਕਰਨਾ ਪਿਆ ਸੀ ਕਿਉਂਕਿ ਅਸੀਂ ਅਜੇ ਤੱਕ ਇੰਨੀ ਉੱਚ ਗੁਣਵੱਤਾ ਵਾਲੀ ਗਲਾਸ ਪੈਦਾ ਕਰਨ ਲਈ ਘਰੇਲੂ ਤਕਨਾਲੋਜੀ ਵਿਕਸਤ ਨਹੀਂ ਕਰ ਸਕੇ ਹਾਂ।