
ਨੌਜਵਾਨਾਂ ਦੇ ਉਦੇਸ਼ ਨੂੰ ਪੂਰਾ ਨਹੀ ਕਰ ਰਹੀ ਮੌਜੂਦਾ ਸਿੱਖਿਆ ਪ੍ਰਣਾਲੀ: ਬੱਬੀ ਬਾਦਲ
ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਹਿੱਸੇਦਾਰੀ ਵਧਾਉਣ ’ਤੇ ਦਿੱਤਾ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਅਤੇ ਨੌਜਵਾਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਅਜਿਹੇ ਵਿੱਦਿਅਕ ਕੇਂਦਰ ਹਨ, ਜਿੱਥੋਂ ਨੌਜਵਾਨਾਂ ਨੇ ਚੰਗੇ ਭਵਿੱਖ ਲਈ ਹਰ ਪ੍ਰਕਾਰ ਦੀ ਉੱਚ ਸਿੱਖਿਆ ਤੇ ਅਭਿਆਸ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੰਤੂ ਅੱਜ ਦੀ ਵਿਦਿਆ ਪ੍ਰਣਾਲੀ ਇਸ ਉਦੇਸ਼ ਨੂੰ ਪੂਰਾ ਨਹੀਂ ਕਰ ਰਹੀ ਹੈ। ਜਿਸ ਦਾ ਆਉਣ ਵਾਲੇ ਸਮੇਂ ਨਵੀਂ ਪੀੜ੍ਹੀ ਨੂੰ ਖ਼ਮਿਆਜ਼ਾ ਭੁਗਤਨਾ ਪੈ ਸਕਦਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਬੱਬੀ ਬਾਦਲ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਵਿੱਚ ਵਿਦੇਸ਼ੀ ਮੁਲਕਾਂ ਵਿੱਚ ਜਾਣ ਦੀ ਹੋੜ੍ਹ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਦੇ ਮਾੜੇ ਸਿੱਖਿਆ ਅਤੇ ਰੁਜ਼ਗਾਰ ਪ੍ਰਬੰਧਾਂ ਕਾਰਨ ਜ਼ਿਆਦਾਤਰ ਨੌਜਵਾਨ ਪੰਜਾਬ ਵਿੱਚ ਰਹਿਣ ਨੂੰ ਤਿਆਰ ਨਹੀਂ ਹਨ। ਉੱਪਰੋਂ ਖੇਤੀਬਾੜੀ ਦੇ ਮਾੜੇ ਪ੍ਰਬੰਧਾਂ ਨੇ ਨੌਜਵਾਨ ਪੀੜੀ ਨੂੰ ਕੱਖਾਂ ਤੋਂ ਵੀ ਹੋਲਾ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ (ਵਿੱਦਿਅਕ ਸੰਸਥਾਵਾਂ) ਵਿੱਚ ਵਿਦਿਆਰਥੀਆਂ ਦੀ ਹਿੱਸੇਦਾਰੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਭਵਿੱਖ ਪ੍ਰਤੀ ਚਿੰਤਤ ਹੈ। ਸੂਬੇ ਦੇ ਚੰਗੇ ਭਵਿੱਖ ਲਈ ਸਰਕਾਰਾਂ ਨੂੰ ਵਿਦਿਆਰਥੀ ਵਰਗ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਸ੍ਰੀ ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਸੱਤਾ ਹਥਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਨੌਜਵਾਨ ਪੀੜੀ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਸਮਾਰਟਫੋਨ, ਘਰਘਰ ਨੌਕਰੀ ਦੇ ਵਾਅਦੇ ਸਿਰਫ਼ ਚੋਣ ਮੈਨੀਫੈਸਟੋ ਤੱਕ ਸੀਮਤ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੀਆਂ ਡਿਗਰੀਆਂ ਲੈ ਕੇ ਬੇਰੁਜ਼ਗਾਰੀ ਦੀ ਭੱਠੀ ਵਿੱਚ ਤੱਪ ਰਹੇ ਨੌਜਵਾਨਾਂ ਨੂੰ ਇਨਸਾਫ਼ ਮੰਗਣ ’ਤੇ ਪੁਲੀਸ ਕੋਲੋਂ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ ਅਤੇ ਧਰਨਾ ਪ੍ਰਦਰਸ਼ਨਾਂ ਦੌਰਾਨ ਨੌਜਵਾਨਾਂ ਦੀਆਂ ਪੱਗਾਂ ਅਤੇ ਲੜਕੀਆਂ ਦੀਆਂ ਚੁੰਨੀਆਂ ਸੜਕਾਂ ’ਤੇ ਰੁਲ ਰਹੀਆਂ ਹਨ।