ਬਾਦਲਾਂ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਮਹਿੰਗੇ ਸਮਝੌਤੇ ਕਾਂਗਰਸ ਸਰਕਾਰ ਕਿਉਂ ਨਹੀਂ ਕਰ ਰਹੀ ਰੱਦ

ਕੈਪਟਨ ਸਰਕਾਰ ਦੇ ਭ੍ਰਿਸ਼ਟਾਚਾਰ ਤੰਤਰ ਦੇ ਖ਼ਿਲਾਫ਼ ‘ਆਪ’ ਜਲਦੀ ਹੀ ਸ਼ੁਰੂ ਕਰੇਗੀ ਸੂਬਾ ਪੱਧਰੀ ਰੋਸ ਮੁਜ਼ਾਹਰੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਕਤੂਬਰ:
ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਪੁੱਛਿਆ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਤਿੰਨ ਨਿੱਜੀ ਥਰਮਲ ਪਲਾਂਟਾਂ ਅਤੇ ਪੇਡਾ ਰਾਹੀਂ ਗੈਰ ਪਰੰਪਰਾਗਤ ਊਰਜਾ ਪ੍ਰੋਜੈਕਟ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਦਰਾਂ ’ਤੇ ਬਿਜਲੀ ਖ਼ਰੀਦਣ ਸੰਬੰਧੀ ਕੀਤੇ ਸਮਝੌਤਿਆਂ ਨੂੰ ਰੱਦ ਕਰ ਕੇ ਵਾਜਬ ਦਰਾਂ ਉੱਤੇ ਨਵੇਂ ਸਿਰਿਓਂ ਸਮਝੌਤੇ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਕਿਉਂ ਭੱਜ ਰਹੀ ਹੈ? ਇੱਕ ਸਾਂਝੇ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕਾਰਜਕਾਰੀ ਪ੍ਰਧਾਨ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਇਸ ਕਾਰਵਾਈ ਲਈ ਵੀ ਖ਼ਜ਼ਾਨੇ ਵਿੱਚ ਪੈਸਿਆਂ ਦੀ ਕਮੀ ਅੜਿੱਕਾ ਬਣੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੀਤੇ ਗਏ ਕੋਰੜਾ-ਅਰਬਾਂ ਰੁਪਏ ਦੇ ਘਪਲੇ ‘ਚ ਹਿੱਸੇਦਾਰ ਬਣ ਗਏ ਹਨ? ਜਿਸ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਆਪਣੀ ਜੇਬ ‘ਚੋ ਚੁਕਾਉਣੀ ਪੈ ਰਹੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੂੰ ਕਰੜੇ ਹੱਥੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ‘‘ਜਾਖੜ ਸਾਹਿਬ! ਇਹ ਨਾ ਦੱਸੋ ਕਿ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਮਹਿੰਗੀ ਬਿਜਲੀ ਦੇ ਕੰਡੇ ਬੀਜੇ ਹਨ, ਕਿਉਂਕਿ ਇਹ ਗੱਲ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਸਮਝੌਤੇ ਕਰਨ ਲਈ ਕਰੋੜਾਂ-ਅਰਬਾਂ ਦੀ ਦਲਾਲੀ ਦਾ ਖੇਡ-ਖੇਡਿਆ ਹੈ। ਇਸ ਲਈ ਜਾਖੜ ਸਾਹਿਬ ਇਹ ਦੱਸੋ ਕਿ 7 ਮਹੀਨਿਆਂ ਦੀ ਸੱਤਾ ਦੌਰਾਨ ਵੱਡੇ ਭ੍ਰਿਸ਼ਟਾਚਾਰ ਨਾਲ ਭਰੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਅਤੇ ਨਵੇਂ ਸਿਰਿਓਂ ਸਮਝੌਤੇ ਕਰਨ ਲਈ ਤੁਹਾਡੀ ਕਾਂਗਰਸ ਦੀ ਸਰਕਾਰ ਨੇ ਕੀ ਕਦਮ ਚੁੱਕਿਆ ਹੈ? ਜੇ ਨਹੀਂ ਚੁੱਕਿਆ ਤਾਂ ਕਿਹੜੀਆਂ ਤਾਕਤਾਂ ਇਸ ਲੋਕ-ਹਿਤੈਸ਼ੀ ਕਦਮ ਨੂੰ ਰੋਕ ਰਹੀਆਂ ਹਨ? ਪੰਜਾਬ ਦੀ ਜਨਤਾ ਇਹ ਜਾਣਨ ਲਈ ਤੁਹਾਡੇ ਵੱਲ ਵੇਖ ਰਹੀ ਹੈ, ਕਿਉਂਕਿ ਐਨੀ ਮਹਿੰਗੀ ਬਿਜਲੀ ਨੇ ਹਰ ਆਮ-ਖ਼ਾਸ ਦੇ ਨਾਸੀਂ ਧੂੰਆਂ ਕੱਢ ਰੱਖਿਆ ਹੈ’’।
ਸ੍ਰੀ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਐਗਰੀਮੈਂਟ ਰੱਦ ਕਰ ਕੇ ਸੂਬੇ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਅਤੇ ਬਾਦਲਾਂ ਤੋਂ ਇਸ ਘੋਟਾਲੇ ਦਾ ਹਿਸਾਬ ਲਿਆ ਜਾਵੇਗਾ। ਪਰ ਸਰਕਾਰ ਬਣਨ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਨਿੱਜੀ ਥਰਮਲ ਪਲਾਂਟਾਂ ਟੀ.ਐਸ.ਪੀ.ਐਲ ਤਲਵੰਡੀ ਸਾਬੋ, ਜੀ.ਵੀ.ਕੇ ਗੋਇੰਦਵਾਲ ਸਾਹਿਬ ਅਤੇ ਐਨ.ਪੀ.ਐਲ ਰਾਜਪੁਰਾ ਨਾਲ ਕੀਤੇ ਸਮਝੌਤੇ ਰੱਦ ਕਰ ਕੇ ਨਵਿਆਉਣ ਦੀ ਥਾਂ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਹੀ ਬੰਦ ਕਰਨ ਦਾ ਮੰਦਭਾਗਾ ਫ਼ੈਸਲਾ ਲੈ ਲਿਆ, ਜਿਸ ਨਾਲ ਜਿੱਥੇ ਲੋਕਾਂ ਦੀ ਸਸਤੀ ਬਿਜਲੀ ਦੀ ਉਮੀਦ ਟੁੱਟ ਗਈ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਅਤੇ ਰੁਜ਼ਗਾਰ ਉੱਤੇ ਵੀ ਗਾਜ ਸੁੱਟ ਦਿੱਤੀ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਸੁਨੀਲ ਜਾਖੜ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਕਿਉਂਕਿ ਜਾਖੜ ਨੇ ਖ਼ੁਦ ਮੰਨਿਆ ਹੈ ਕਿ ਤਲਵੰਡੀ ਸਾਬੋ ਤੋਂ 5.40 ਰੁਪਏ, ਗੋਇੰਦਵਾਲ ਸਾਹਿਬ ਤੋਂ 8.70 ਰੁਪਏ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 3.40 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੇ ਜਾਣ ਦੇ ਨਾਲ-ਨਾਲ ਇਹ ਸਮਝੌਤਾ ਹੋਇਆ ਹੈ ਕਿ ਬਿਜਲੀ ਖ਼ਰੀਦੋ ਚਾਹੇ ਨਾ ਪਰ ਪੰਜਾਬ ਸਰਕਾਰ ਨੂੰ ਇਹਨਾਂ ਤਿੰਨਾਂ ਥਰਮਲ ਪਲਾਂਟਾਂ ਨੂੰ 3700 ਕਰੋੜ ਰੁਪਏ ‘ਫਿਕਸਡ ਚਾਰਜ’ ਵਜੋਂ ਦੇਣੇ ਹੀ ਪੈਣਗੇ। ਜਦੋਂ ਕਿ ਇਹਨਾਂ ਦੇ ਉਲਟ ਸਰਕਾਰੀ ਥਰਮਲ ਪਲਾਂਟਾਂ ਦੀ ਬਿਜਲੀ ਬੇਹੱਦ ਸਸਤੀ ਦਰ ‘ਤੇ ਪੈਦਾ ਹੋ ਰਹੀ ਹੈ, ਐਨਾ ਹੀ ਨਹੀਂ ਸਾਸਨ ਬਿਜਲੀ ਘਰ 1.32 ਰੁਪਏ ਅਤੇ ਮੁੰਦਰਾ ਥਰਮਲ ਪਲਾਂਟ ਤੋਂ 2.20 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਪੁਰਾਣੇ ਮਹਿੰਗੇ ਸਮਝੌਤੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੀਆਂ ਦਰਾਂ ਵਾਲੇ ਸਮਝੌਤੇ ਕਰ ਕੇ ਆਪਣਾ ਚੋਣ ਵਾਅਦਾ ਪੂਰਾ ਨਾ ਕੀਤਾ ਅਤੇ ਇਸ ਪੂਰੇ ਘੁਟਾਲੇ ਵਿਚ ਬਾਦਲਾਂ ਵਿਰੁੱਧ ਉੱਚ ਪੱਧਰੀ ਜਾਂਚ ਨਾ ਕਰਵਾਈ ਤਾਂ ‘ਆਪ’ ਸੂਬਾ ਪੱਧਰੀ ਜਨ-ਅੰਦੋਲਨ ਵਿੱਢੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਵੀ ਪੁਤਲੇ ਫੂਕੇ ਜਾਣਗੇ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …